'ਹਾਲੇ ਹੋਰ ਕੰਮ ਕਰਨਾ ਬਾਕੀ ਹੈ'... ਹਾਰਨ ਤੋਂ ਬਾਅਦ ਬੋਲੇ PM ਟਰੂਡੋ

Wednesday, Sep 18, 2024 - 02:28 PM (IST)

'ਹਾਲੇ ਹੋਰ ਕੰਮ ਕਰਨਾ ਬਾਕੀ ਹੈ'... ਹਾਰਨ ਤੋਂ ਬਾਅਦ ਬੋਲੇ PM ਟਰੂਡੋ

ਵੈਨਕੂਵਰ (ਭਾਸ਼ਾ)- ਮਾਂਟਰੀਅਲ ਉਪ ਚੋਣ ਵਿਚ ਹਾਰ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਬਿਆਨ ਸਾਹਮਣੇ ਆਇਆ ਹੈ। ਟਰੂਡੋ ਨੇ ਮੰਗਲਵਾਰ ਨੂੰ ਕਿਹਾ ਕਿ ਸੱਤਾਧਾਰੀ ਲਿਬਰਲਾਂ ਦੀ ਇਕ ਹੋਰ ਉਪ ਚੋਣ ਵਿਚ ਹਾਰ ਤੋਂ ਬਾਅਦ ਉਹ ਅਗਲੇ ਕੰਮ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ, ਜਿਸ ਨਾਲ ਅਗਲੀਆਂ ਫੈਡਰਲ ਚੋਣਾਂ ਵਿਚ ਪਾਰਟੀ ਦੀ ਅਗਵਾਈ ਕਰਨ ਦੀ ਉਨ੍ਹਾਂ ਦੀ ਯੋਗਤਾ 'ਤੇ ਹੋਰ ਸਵਾਲ ਖੜ੍ਹੇ ਹੋਏ ਹਨ। ਟਰੂਡੋ ਨੇ ਓਟਾਵਾ ਵਿੱਚ ਕਿਹਾ,"ਸਪੱਸ਼ਟ ਤੌਰ 'ਤੇ ਜਿੱਤਣਾ ਬਿਹਤਰ ਹੁੰਦਾ ਪਰ ਅਜੇ ਹੋਰ ਕੰਮ ਕਰਨਾ ਬਾਕੀ ਹੈ।''

ਹਾਲ ਹੀ ਦੇ ਮਹੀਨਿਆਂ ਵਿੱਚ ਦੂਜੀ ਵਾਰ ਲਿਬਰਲ ਨੂੰ ਆਪਣੇ ਸਾਬਕਾ ਗੜ੍ਹ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ, ਜਦੋਂ ਬਲਾਕ ਕਿਊਬੇਕੋਇਸ ਨੇ ਸੋਮਵਾਰ ਨੂੰ ਮਾਂਟਰੀਅਲ ਦੇ ਲਾਸਾਲੇ-ਏਮਾਰਡ-ਵਰਡਨ ਦੇ ਚੋਣਾਤਮਕ ਜ਼ਿਲ੍ਹੇ ਵਿੱਚ ਨਿਊ ਡੈਮੋਕ੍ਰੇਟਿਕ ਪਾਰਟੀ ਨਾਲ ਤਿੰਨ-ਪੱਖੀ ਮੁਕਾਬਲੇ ਵਿਚ ਜਿੱਤ ਹਾਸਲ ਕੀਤੀ। ਟਰੂਡੋ ਨੇ ਕਿਹਾ, "ਸਭ ਤੋੰ ਵੱਡੀ ਗੱਲ ਇਹ ਯਕੀਨੀ ਬਣਾਉਣਾ ਹੈ ਕਿ ਕੈਨੇਡੀਅਨ ਅਗਲੀਆਂ ਚੋਣਾਂ ਵਿੱਚ ਉਨ੍ਹਾਂ ਦੀ ਚੋਣ ਨੂੰ ਸਮਝਣ।ਇਹ ਉਹ ਕੰਮ ਹੈ ਜੋ ਅਸੀਂ ਕਰਦੇ ਰਹਾਂਗੇ।" 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦੀਆਂ ਸੂਬਾਈ ਚੋਣਾਂ 'ਚ 27 ਪੰਜਾਬੀ ਅਜ਼ਮਾ ਰਹੇ ਕਿਸਮਤ

ਇਲੈਕਸ਼ਨ ਕੈਨੇਡਾ ਦੇ ਨਤੀਜੇ ਦਿਖਾਉਂਦੇ ਹਨ ਕਿ ਬਲਾਕ ਉਮੀਦਵਾਰ ਲੂਈਸ-ਫਿਲਿਪ ਸਾਵੇ ਨੂੰ 28% ਵੋਟਾਂ ਮਿਲੀਆਂ। ਲਿਬਰਲਾਂ ਦੀ ਉਮੀਦਵਾਰ ਲੌਰਾ ਫਲੈਸਟੀਨੀ ਨੂੰ 27.2% ਵੋਟ ਮਿਲੇ ਅਤੇ ਉਹ ਜੇਤੂ ਤੋਂ ਸਿਰਫ਼ 248 ਵੋਟਾਂ ਪਿੱਛੇ ਰਹੀ। ਐਨ.ਡੀ.ਪੀ ਨੂੰ 26.1% ਵੋਟ ਮਿਲੇ ਅਤੇ ਉਹ ਜੇਤੂ ਤੋਂ ਲਗਭਗ 600 ਵੋਟਾਂ ਪਿੱਛੇ ਸੀ। ਤਿੰਨ ਮਹੀਨਿਆਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਟਰੂਡੋ ਦੀ ਪਾਰਟੀ ਉਸ ਸੀਟ ਤੋਂ ਉਪ ਚੋਣ ਹਾਰੀ ਹੈ, ਜਿਸ 'ਤੇ ਉਹ ਸਾਲਾਂ ਤੋਂ ਕਾਬਿਜ਼ ਸੀ। ਜੂਨ ਵਿੱਚ ਕੰਜ਼ਰਵੇਟਿਵਾਂ ਨੇ ਟੋਰਾਂਟੋ-ਸੈਂਟ ਪੌਲ ਵਿਚ ਲਿਬਰਲਾਂ ਨੂੰ ਮਾਮੂਲੀ ਫਰਕ ਨਾਲ ਹਰਾਇਆ ਸੀ। ਲਿਬਰਲਾਂ ਨੇ ਪਿਛਲੀਆਂ ਚੋਣਾਂ ਵਿੱਚ ਟੋਰਾਂਟੋ ਦੀ ਹਰ ਸੀਟ ਅਤੇ ਮਾਂਟਰੀਅਲ ਦੇ ਟਾਪੂ ਦੀ ਲਗਭਗ ਹਰ ਸੀਟ ਜਿੱਤੀ ਸੀ।

ਮਾਂਟਰੀਅਲ ਦੀ ਮੈਕਗਿਲ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਡੈਨੀਅਲ ਬੇਲੈਂਡ ਨੇ ਕਿਹਾ ਕਿ ਸੋਮਵਾਰ ਦਾ ਨੁਕਸਾਨ "ਲਿਬਰਲਾਂ ਲਈ ਇੱਕ ਵੱਡਾ ਝਟਕਾ ਹੈ।" ਉਦਯੋਗ ਮੰਤਰੀ ਫ੍ਰਾਂਕੋਇਸ-ਫਿਲਿਪ ਸ਼ੈਂਪੇਨ ਨੂੰ ਪੁੱਛਿਆ ਗਿਆ ਕਿ ਕੀ ਟਰੂਡੋ ਨੂੰ ਪ੍ਰਧਾਨ ਮੰਤਰੀ ਬਣੇ ਰਹਿਣਾ ਚਾਹੀਦਾ ਹੈ। ਤਾਂ ਇਸ ਦੇ ਜਵਾਬ ਵਿਚ ਸ਼ੈਂਪੇਨ ਨੇ ਕਿਹਾ ਕਿ ਉਨ੍ਹਾਂ ਨੂੰ ਕੈਨੇਡੀਅਨ ਵੋਟਰਾਂ ਦੀ “ਚਿੰਤਾ” ਹੈ। ਜ਼ਿਆਦਾਤਰ ਪੋਲ ਫੈਡਰਲ ਕੰਜ਼ਰਵੇਟਿਵਾਂ ਨੂੰ ਲਿਬਰਲਾਂ ਤੋਂ ਕਾਫੀ ਅੱਗੇ ਦਿਖਾਉਂਦੇ ਹਨ। ਟਰੂਡੋ ਬਹੁਤ ਸਾਰੇ ਕੈਨੇਡੀਅਨਾਂ ਵਿੱਚ ਵੀ ਬਹੁਤ ਅਪ੍ਰਸਿੱਧ ਹਨ। ਜ਼ਿਕਰਯੋਗ ਹੈ ਕਿ ਐਨ.ਡੀ.ਪੀ ਨੇ ਹਾਲ ਹੀ ਵਿੱਚ ਲਿਬਰਲਾਂ ਨਾਲ ਆਪਣਾ ਸਪਲਾਈ ਅਤੇ ਭਰੋਸੇ ਸਮਝੌਤਾ ਖਤਮ ਕਰ ਦਿੱਤਾ ਹੈ। ਇਸ ਕਾਰਨ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਛੇਤੀ ਫੈਡਰਲ ਚੋਣਾਂ ਹੋ ਸਕਦੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News