ਸ਼੍ਰੀਲੰਕਾ ਦੀ ਜਲ ਸੈਨਾ ਨੇ 12 ਹੋਰ ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

Monday, Dec 20, 2021 - 11:49 AM (IST)

ਸ਼੍ਰੀਲੰਕਾ ਦੀ ਜਲ ਸੈਨਾ ਨੇ 12 ਹੋਰ ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਦੀ ਜਲ ਸੈਨਾ ਨੇ ਦੇਸ਼ ਦੇ ਪਾਣੀਆਂ ਵਿੱਚ ਗੈਰ ਕਾਨੂੰਨੀ ਮੱਛੀਆਂ ਫੜਨ ਦੇ ਦੋਸ਼ ਵਿੱਚ 12 ਹੋਰ ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੀਆਂ ਦੋ ਕਿਸ਼ਤੀਆਂ ਨੂੰ ਵੀ ਜ਼ਬਤ ਕਰ ਲਿਆ ਹੈ। ਇਸ ਦੇ ਨਾਲ ਹੀ ਪਿਛਲੇ ਦੋ ਦਿਨਾਂ ਵਿੱਚ ਸ਼੍ਰੀਲੰਕਾ ਵੱਲੋਂ ਫੜੇ ਗਏ ਭਾਰਤੀਆਂ ਦੀ ਗਿਣਤੀ 55 ਹੋ ਗਈ ਹੈ। ਸੋਮਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ ਮੁਤਾਬਕ ਇਹ ਗ੍ਰਿਫ਼ਤਾਰੀਆਂ ਐਤਵਾਰ ਨੂੰ ਮੰਨਾਰ ਦੇ ਦੱਖਣ ਵਿਚ ਸ਼੍ਰੀਲੰਕਾ ਦੇ ਜਲ ਖੇਤਰ ਵਿਚ ਕੀਤੀਆਂ ਗਈਆਂ। ਇੱਕ ਦਿਨ ਪਹਿਲਾਂ ਸ਼੍ਰੀਲੰਕਾਈ ਜਲ ਸੈਨਾ ਨੇ ਜਾਫਨਾ ਦੇ ਡੇਲਫਟ ਆਈਲੈਂਡ ਦੇ ਦੱਖਣ-ਪੂਰਬੀ ਸਮੁੰਦਰੀ ਖੇਤਰ ਵਿੱਚ 43 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਦੀਆਂ ਮੱਛੀਆਂ ਫੜਨ ਵਾਲੀਆਂ ਛੇ ਕਿਸ਼ਤੀਆਂ ਨੂੰ ਜ਼ਬਤ ਕਰ ਲਿਆ ਸੀ। 

ਸ਼੍ਰੀਲੰਕਾਈ ਜਲ ਸੈਨਾ ਨੇ ਇਕ ਬਿਆਨ 'ਚ ਕਿਹਾ ਕਿ ਇਹ ਕਾਰਵਾਈ ਜਲ ਸੈਨਾ ਵੱਲੋਂ ਸ਼੍ਰੀਲੰਕਾ ਦੇ ਜਲ ਖੇਤਰ 'ਚ ਭਾਰਤੀ ਮਛੇਰਿਆਂ ਦੀਆਂ ਕਿਸ਼ਤੀਆਂ ਦੇ ਦਾਖਲੇ ਨੂੰ ਰੋਕਣ ਅਤੇ ਗੈਰ-ਕਾਨੂੰਨੀ ਮੱਛੀ ਫੜਨ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਹਿੱਸੇ ਵਜੋਂ ਕੀਤੀ ਗਈ ਹੈ। 18 ਅਤੇ 19 ਦਸੰਬਰ ਨੂੰ ਉੱਤਰੀ ਅਤੇ ਉੱਤਰੀ ਕੇਂਦਰੀ ਜਲ ਸੈਨਾ ਕਮਾਂਡਾਂ ਵੱਲੋਂ ਚਲਾਏ ਗਏ ਅਪਰੇਸ਼ਨ ਦੌਰਾਨ 55 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਦੀਆਂ ਅੱਠ ਕਿਸ਼ਤੀਆਂ ਜ਼ਬਤ ਕੀਤੀਆਂ ਗਈਆਂ ਸਨ। 

ਪੜ੍ਹੋ ਇਹ ਅਹਿਮ ਖਬਰ -ਸ਼੍ਰੀਲੰਕਾ ਦੀ ਜਲ ਸੈਨਾ ਨੇ 43 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

ਬਿਆਨ ਮੁਤਾਬਕ ਭਾਰਤੀ ਮਛੇਰਿਆਂ ਦੇ ‘ਰੈਪਿਡ ਐਂਟੀਜੇਨ’ ਟੈਸਟ ਤੋਂ ਬਾਅਦ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਲਈ ਸਬੰਧਤ ਅਧਿਕਾਰੀਆਂ ਦੇ ਹਵਾਲੇ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਗੌਰਤਲਬ ਹੈ ਕਿ ਹਰ ਰੋਜ਼ ਦੋਵੇਂ ਦੇਸ਼ਾਂ ਦੇ ਮਛੇਰਿਆਂ ਨੂੰ ਅਣਜਾਣੇ ਵਿੱਚ ਇੱਕ ਦੂਜੇ ਦੇ ਖੇਤਰੀ ਪਾਣੀਆਂ ਵਿੱਚ ਦਾਖਲ ਹੋਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਜਾਂਦਾ ਹੈ। ਮਛੇਰਿਆਂ ਦਾ ਮੁੱਦਾ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਵੱਡੀ ਰੁਕਾਵਟ ਬਣ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ -ਜਾਪਾਨ ਦੇ ਪੁਲਾੜ ਸੈਲਾਨੀ ਧਰਤੀ 'ਤੇ ਪਰਤੇ ਸੁਰੱਖਿਅਤ


author

Vandana

Content Editor

Related News