ਸ਼੍ਰੀਲੰਕਾ ਧਮਾਕੇ ''ਚ ਵਾਲ-ਵਾਲ ਬਚੀ ਕਈ ਲੋਕਾਂ ਦੀ ਜਾਨ

04/22/2019 3:21:06 PM

ਕੋਲੰਬੋ\ਲੰਡਨ— ਐਤਵਾਰ ਨੂੰ ਸ਼੍ਰੀਲੰਕਾ 'ਚ ਹੋਏ 8 ਲੜੀਵਾਰ ਧਮਾਕਿਆਂ 'ਚ ਹੁਣ ਤਕ 290 ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ ਅਤੇ ਹੋਰ 500 ਤੋਂ ਵਧੇਰੇ ਲੋਕ ਜ਼ਖਮੀ ਹਨ। ਕਿਹਾ ਜਾ ਰਿਹਾ ਹੈ ਕਿ ਮ੍ਰਿਤਕਾਂ 'ਚ 35 ਵਿਦੇਸ਼ੀ ਸ਼ਾਮਲ ਹਨ, ਜਿਨ੍ਹਾਂ 'ਚੋਂ ਭਾਰਤੀ, ਅਮਰੀਕੀ, ਬ੍ਰਿਟੇਨ ਤੇ ਹੋਰ ਦੇਸ਼ਾਂ ਦੇ ਨਾਗਰਿਕ ਸਨ। ਬ੍ਰਿਟੇਨ 'ਚ ਰਹਿਣ ਵਾਲਾ ਇਕ ਪਰਿਵਾਰ ਵਾਲ-ਵਾਲ ਬਚਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਜਾਨ ਇਸ ਕਾਰਨ ਬਚ ਗਈ ਕਿਉਂਕਿ ਉਹ ਨਾਸ਼ਤਾ ਕਰਨ ਜਾਣ ਲਈ ਲੇਟ ਹੋ ਗਏ ਸਨ। 
48 ਸਾਲਾ ਜੂਲੀਅਨ ਐਮੁਨੁਅਲ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਰਾਜਧਾਨੀ ਕੋਲੰਬੋ ਦੇ ਕਿਨਾਮਨ ਹੋਟਲ 'ਚ ਰੁਕੇ ਸਨ, ਜਿੱਥੇ ਇਕ ਆਤਮਘਾਤੀ ਹਮਲਾਵਰ ਨੇ ਬੁਫਟ ਦੀ ਲਾਈਨ 'ਚ ਲੱਗਿਆਂ ਧਮਾਕਾ ਕੀਤਾ ਅਤੇ ਇੱਥੇ ਮੌਜੂਦ ਕਈ ਲੋਕ ਮਾਰੇ ਗਏ। ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ ਉਹ ਵੀ ਮਰ ਸਕਦੇ ਸਨ ਪਰ ਉਸ ਸਵੇਰ ਉਹ ਦੇਰੀ ਨਾਲ ਉੱਠੇ ਅਤੇ ਨਾਸ਼ਤਾ ਕਰਨ ਲਈ ਨਾ ਜਾ ਸਕੇ ਅਤੇ 8.45 'ਤੇ ਧਮਾਕਾ ਹੋਇਆ ਅਤੇ ਤਬਾਹੀ ਮਚ ਗਈ। ਉਹ ਹੋਟਲ ਦੀ 9ਵੀਂ ਮੰਜ਼ਲ 'ਤੇ ਸਨ ਜਦਕਿ ਨਾਸ਼ਤੇ ਦਾ ਪ੍ਰਬੰਧ ਬੇਸਮੈਂਟ 'ਚ ਕੀਤਾ ਗਿਆ ਸੀ।
ਸਰੀ 'ਚ ਰਹਿਣ ਵਾਲੇ ਇਕ ਡਾਕਟਰ ਨੇ ਦੱਸਿਆ ਕਿ ਉਹ ਆਪਣੇ-ਆਪ ਨੂੰ ਕਿਸਮਤ ਵਾਲੇ ਸਮਝਦੇ ਹਨ ਕਿ ਉਨ੍ਹਾਂ ਦੀ ਜਾਨ ਬਚ ਗਈ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਉਨ੍ਹਾਂ ਦੇ ਸਿਰ 'ਤੇ ਹੱਥ ਰੱਖ ਕੇ ਉਨ੍ਹਾਂ ਨੂੰ ਮਰਨ ਤੋਂ ਬਚਾਅ ਲਿਆ। ਇਕ ਹੋਰ ਜੋੜੇ ਨੇ ਦੱਸਿਆ ਕਿ ਉਨ੍ਹਾਂ ਦੀ ਜਾਨ ਤਾਂ ਬਚ ਗਈ ਪਰ ਉਨ੍ਹਾਂ ਦੀ ਬੱਚੀ ਕਿੱਥੇ ਅਤੇ ਕਿਸ ਹਾਲ 'ਚ ਹੈ, ਉਨ੍ਹਾਂ ਨੂੰ ਇਸ ਬਾਰੇ ਅਜੇ ਕੁਝ ਨਹੀਂ ਪਤਾ। ਉਨ੍ਹਾਂ ਲੋਕਾਂ ਨੂੰ ਮਦਦ ਕਰਨ ਲਈ ਅਪੀਲ ਕੀਤੀ ਹੈ।


Related News