ਓਮੀਕਰੋਨ ਦਾ ਖ਼ੌਫ਼ : ਸ਼੍ਰੀਲੰਕਾ ਨੇ ਬੱਚਿਆਂ ਦਾ ਟੀਕਾਕਰਨ ਕੀਤਾ ਸ਼ੁਰੂ
Friday, Jan 07, 2022 - 03:04 PM (IST)
ਕੋਲੰਬੋ (ਭਾਸ਼ਾ): ਸ਼੍ਰੀਲੰਕਾ ਦੇ ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਕਰ ਦਿੱਤਾ। ਦੇਸ਼ ਦੇ ਚੋਟੀ ਦੇ ਮੈਡੀਕਲ ਮਾਹਿਰਾਂ ਨੇ ਓਮੀਕਰੋਨ ਰੂਪ ਕਾਰਨ ਕੇਸਾਂ ਦੇ ਵਧਣ ਦਾ ਖਦਸ਼ਾ ਜਤਾਇਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਨਵੇਂ ਟੀਕਾਕਰਨ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਫਾਈਜ਼ਰ ਦੀ ਐਂਟੀ-ਕੋਵਿਡ-19 ਵੈਕਸੀਨ ਦੀ ਇੱਕ ਖੁਰਾਕ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ 15 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦਾ ਟੀਕਾਕਰਨ ਦੀ ਯੋਜਨਾ ਸੀ। ਸਕੂਲ ਸੋਮਵਾਰ ਤੋਂ ਮੁੜ ਖੁੱਲ੍ਹਣ ਵਾਲੇ ਹਨ, ਇਸ ਲਈ ਟੀਕਾਕਰਨ ਦੀ ਇਹ ਨਵੀਂ ਕੋਸ਼ਿਸ਼ ਸ਼ੁਰੂ ਕੀਤੀ ਗਈ ਹੈ। ਪਹਿਲਾਂ ਬੱਚਿਆਂ ਨੂੰ ਦੋ ਗਰੁੱਪਾਂ ਵਿੱਚ ਸਕੂਲ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ।
ਇਹ ਮੁਹਿੰਮ ਅਜਿਹੇ ਸਮੇਂ 'ਤੇ ਆਈ ਹੈ ਜਦੋਂ ਅਧਿਕਾਰੀ ਜਨਤਕ ਥਾਵਾਂ 'ਤੇ ਦਾਖਲ ਹੋਣ ਲਈ ਟੀਕਾਕਰਨ ਸਰਟੀਫਿਕੇਟ ਨੂੰ ਲਾਜ਼ਮੀ ਬਣਾਉਣ ਲਈ ਕਦਮ ਚੁੱਕ ਰਹੇ ਹਨ। ਸਿਹਤ ਅਧਿਕਾਰੀਆਂ ਮੁਤਾਬਕ ਸ਼੍ਰੀਲੰਕਾ 'ਚ ਹੁਣ ਤੱਕ ਓਮੀਕਰੋਨ ਤੋਂ ਇਨਫੈਕਸ਼ਨ ਦੇ 47 ਮਾਮਲੇ ਸਾਹਮਣੇ ਆ ਚੁੱਕੇ ਹਨ। ਮੈਡੀਕਲ ਸਪੈਸ਼ਲਿਸਟਾਂ ਦੀ ਐਸੋਸੀਏਸ਼ਨ, ਜਿਸ ਵਿੱਚ ਦੇਸ਼ ਦੇ ਚੋਟੀ ਦੇ ਡਾਕਟਰ ਸ਼ਾਮਲ ਹਨ, ਨੇ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਦਾ ਹਵਾਲਾ ਦਿੰਦੇ ਹੋਏ ਪਿਛਲੇ ਸਾਲ ਅਪ੍ਰੈਲ ਵਿੱਚ ਸੰਕਰਮਣ ਦੀ ਨਵੀਂ ਲਹਿਰ ਦੇ ਵਿਰੁੱਧ ਸਾਵਧਾਨ ਕਰਦਿਆਂ ਕਿਹਾ ਸੀ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ। ਉਸ ਸਮੇਂ ਲਗਭਗ 15,000 ਲੋਕਾਂ ਦੀ ਮੌਤ ਹੋ ਗਈ ਸੀ।
ਪੜ੍ਹੋ ਇਹ ਅਹਿਮ ਖਬਰ- ਓਮੀਕੋਰਨ : ਆਸਟ੍ਰੇਲੀਆ 'ਚ ਕੋਰੋਨਾ ਦੇ 'ਰਿਕਾਰਡ ਮਾਮਲੇ', ਮੁੜ ਲਾਗੂ ਹੋਈਆਂ 'ਪਾਬੰਦੀਆਂ'
ਐਸੋਸੀਏਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਵੇਂ ਸਾਲ ਦੀ ਸ਼ਾਮ ਦੇ ਜਸ਼ਨਾਂ ਲਈ ਦੁਕਾਨਾਂ ਅਤੇ ਬਾਰ ਭਰੇ ਹੋਏ ਸਨ। ਇਸ ਲਈ, ਇਹ ਡਰ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਓਮੀਕਰੋਨ ਰੂਪ ਸੰਕਰਮਣ ਦੀ ਇੱਕ ਵੱਡੀ ਲਹਿਰ ਪੈਦਾ ਕਰੇਗਾ। ਮਾਸਕ ਪਾਉਣਾ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨਾ ਲਾਜ਼ਮੀ ਹੈ ਅਤੇ ਪੁਲਸ ਇਸ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਦੀ ਹੈ। ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਦੀ 22 ਮਿਲੀਅਨ ਆਬਾਦੀ ਵਿੱਚੋਂ ਲਗਭਗ 64% ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਹੈ ਅਤੇ ਲਗਭਗ 20% ਨੂੰ 'ਬੂਸਟਰ' ਖੁਰਾਕ ਦਿੱਤੀ ਗਈ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।