ਕੋਰੋਨਾ ਸੰਕਟ: ਸ਼੍ਰੀਲੰਕਾ ਨੇ ਭਾਰਤ ਤੋਂ ਮੰਗੀ ਮਦਦ, 40 ਕਰੋੜ ਡਾਲਰ ਕਰੰਸੀ ਬਦਲਣ ਦੀ ਤਿਆਰੀ

04/25/2020 4:17:39 PM

ਕੋਲੰਬੋ- ਕੋਰੋਨਾ ਸੰਕਟ ਕਾਰਣ ਦੁਨੀਆ ਦੀ ਅਰਥਵਿਵਸਥਾ ਪ੍ਰਭਾਵਿਤ ਹੋਈ ਹੈ। ਇਸ ਦਾ ਅਸਰ ਭਾਰਤ ਦੇ ਗੁਆਂਢੀ ਮੁਲਕ ਸ਼੍ਰੀਲੰਕਾ 'ਤੇ ਵੀ ਪਿਆ ਹੈ। ਸ਼੍ਰੀਲੰਕਾ ਸਰਕਾਰ ਇਸ ਹਾਲਾਤ ਨਾਲ ਨਿਪਟਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਤਹਿਤ ਹੁਣ ਵਿਦੇਸ਼ੀ ਮੁਦਰਾ ਭੰਡਾਰ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਹੀ ਕਾਰਣ ਹੈ ਕਿ ਸ਼੍ਰੀਲੰਕਾ ਸਰਕਾਰ ਭਾਰਤੀ ਰਿਜ਼ਰਵ ਬੈਂਕ ਦੇ ਨਾਲ 40 ਕਰੋੜ ਡਾਲਰ ਦੀ ਮੁਦਰਾ ਦੀ ਅਦਲਾ-ਬਦਲੀ ਦਾ ਕਰਾਰ ਕਰਨ ਜਾ ਰਹੀ ਹੈ।

ਕਿਉਂ ਪਈ ਸ਼੍ਰੀਲੰਕਾ ਨੂੰ ਲੋੜ?
ਇਸ ਦੀ ਜਾਣਕਾਰੀ ਦਿੰਦੇ ਹੋਏ ਸ਼੍ਰੀਲੰਕਾ ਦੇ ਸੂਚਨਾ ਤੇ ਸੰਚਾਰ ਮੰਤਰੀ ਬੰਡੁਲਾ ਗੁਣਾਵਰਧਨ ਨੇ ਕਿਹਾ ਕਿ ਕੇਂਦਰੀ ਮੰਤਰੀਮੰਡਲ ਨੇ ਪ੍ਰਧਾਨ ਮੰਤਰੀ ਮਹਿੰਦਰਾ ਰਾਜਪਕਸ਼ੇ ਵਲੋਂ ਰੱਖੇ ਗਏ ਰਿਜ਼ਰਵ ਬੈਂਕ ਦੇ ਨਾਲ ਵਿੱਤੀ ਸੁਵਿਧਾ ਦੇ ਕਰਾਰ ਸਬੰਧੀ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਦੇਸ਼ ਨੂੰ ਘੱਟ ਮਿਆਦ ਦੀ ਅੰਤਰਰਾਸ਼ਟਰੀ ਨਕਦੀ ਲੋੜਾਂ ਨੂੰ ਪੂਰਾ ਕਰਨ ਵਿਚ ਮਦਦ ਮਿਲੇਗੀ। ਗੁਣਾਵਰਧਨ ਨੇ ਕਿਹਾ ਕਿ ਸ਼੍ਰੀਲੰਕਾ ਰਿਜ਼ਰਵ ਬੈਂਕ ਦੇ ਨਾਲ 40 ਕਰੋੜ ਡਾਲਰ ਦੀ ਅਦਲਾ-ਬਦਲੀ ਦਾ ਕਰਾਰ ਕਰੇਗਾ। ਉਹਨਾਂ ਕਿਹਾ ਕਿ ਇਸ ਕਦਮ ਦਾ ਟੀਚਾ ਦੇਸ਼ ਵਿਚ ਅੰਤਰਰਾਸ਼ਟਰੀ ਮੁਦਰਾ ਭੰਡਾਰ ਨੂੰ ਮਜ਼ਬੂਤ ਕਰਨਾ ਹੈ। ਦੱਸ ਦਈਏ ਕਿ ਵਪਾਰ ਸਬੰਧੀ ਭੁਗਤਾਨ ਕਰਦੇ ਵੇਲੇ ਦੋ ਦੇਸ਼ ਮੁਦਰਾ ਅਦਲਾ-ਬਦਲੀ ਕਰਾਰ ਕਰਨ ਦਾ ਫੈਸਲਾ ਕਰਦੇ ਹਨ।

ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਦਾ ਹਾਲ
ਇਸ ਵਿਚਾਲੇ ਰਿਜ਼ਰਵ ਬੈਂਕ ਨੇ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਦੇ ਅੰਕੜੇ ਜਾਰੀ ਕੀਤੇ ਹਨ। ਇਸ ਮੁਤਾਬਕ 17 ਅਪ੍ਰੈਲ ਨੂੰ ਖਤਮ ਹੋਏ ਹਫਤੇ ਵਿਚ ਵਿਦੇਸ਼ੀ ਮੁਦਰਾ ਭੰਡਾਰ 3.09 ਅਰਬ ਡਾਲਰ ਵਧ ਕੇ 779.57 ਅਰਬ ਡਾਲਰ 'ਤੇ ਪਹੁੰਚ ਗਿਆ ਹੈ। ਇਸ ਤੋਂ ਪਿਛਲੇ ਹਫਤੇ ਵਿਚ ਵਿਦੇਸ਼ੀ ਮੁਦਰਾ ਭੰਡਾਰ ਵਿਚ 1.81 ਅਰਬ ਡਾਲਰ ਦਾ ਵਾਧਾ ਹੋਇਆ ਸੀ। ਉਥੇ ਹੀ 6 ਮਾਰਚ ਨੂੰ ਖਤਮ ਹੋਏ ਹਫਤੇ ਵਿਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 5.69 ਅਰਬ ਡਾਲਰ ਵਧਿਆ ਸੀ, ਜੋ ਕਿ ਹੁਣ ਤੱਕ ਦਾ ਰਿਕਾਰਡ ਹੈ।


Baljit Singh

Content Editor

Related News