ਸ੍ਰੀਲੰਕਾ 'ਚ ਮਹਿੰਗਾਈ ਖ਼ਿਲਾਫ਼ ਹਿੰਸਕ ਪ੍ਰਦਰਸ਼ਨ, 45 ਲੋਕ ਗ੍ਰਿਫ਼ਤਾਰ, ਲਗਾਇਆ ਗਿਆ ਕਰਫਿਊ

Friday, Apr 01, 2022 - 02:47 PM (IST)

ਸ੍ਰੀਲੰਕਾ 'ਚ ਮਹਿੰਗਾਈ ਖ਼ਿਲਾਫ਼ ਹਿੰਸਕ ਪ੍ਰਦਰਸ਼ਨ, 45 ਲੋਕ ਗ੍ਰਿਫ਼ਤਾਰ, ਲਗਾਇਆ ਗਿਆ ਕਰਫਿਊ

ਕੋਲੰਬੋ (ਵਾਰਤਾ)- ਸ੍ਰੀਲੰਕਾ ਵਿਚ ਚੱਲ ਰਹੇ ਆਰਥਿਕ ਸੰਕਟ ਦੇ ਵਿਚਕਾਰ ਵਧਦੀ ਮਹਿੰਗਾਈ ਤੋਂ ਪਰੇਸ਼ਾਨ ਲੋਕ ਵੀਰਵਾਰ ਦੇਰ ਰਾਤ ਰਾਜਧਾਨੀ ਕੋਲੰਬੋ ਵਿਚ ਸੜਕਾਂ 'ਤੇ ਉਤਰ ਆਏ ਅਤੇ ਉਨ੍ਹਾਂ ਦਾ ਗੁੱਸਾ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਦੇ ਹੋਏ ਹਿੰਸਕ ਪ੍ਰਦਰਸ਼ਨਾਂ ਵਿਚ ਬਦਲ ਗਿਆ। ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਤੋਂ ਬਾਅਦ 45 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ: ਮਾਣ ਵਾਲੀ ਗੱਲ, ਭਾਰਤੀ ਮੂਲ ਦੀ ਵਿਦਿਆਰਥਣ ਦੀ ਕਲਾਕ੍ਰਿਤੀ ਅਮਰੀਕੀ ਸੰਸਦ ਭਵਨ 'ਚ ਹੋਵੇਗੀ ਪ੍ਰਦਰਸ਼ਿਤ

ਪ੍ਰਦਰਸ਼ਨਕਾਰੀਆਂ ਨੇ ਪੁਲਸ ਦੀ ਬੱਸ ਅਤੇ ਜੀਪ ਸਮੇਤ 2 ਮੋਟਰਸਾਈਕਲਾਂ ਅਤੇ 1 ਟਰੱਕ ਨੂੰ ਅੱਗ ਲਗਾ ਦਿੱਤੀ। ਇਸ ਤੋਂ ਬਾਅਦ ਪੁਲਸ ਨਾਲ ਝੜਪ ਹੋਈ ਅਤੇ ਅੰਤ ਵਿਚ ਰਾਜਧਾਨੀ ਵਿਚ ਕਰਫਿਊ ਲਗਾ ਦਿੱਤਾ ਗਿਆ। ਪੁਲਸ ਨੇ ਇਹ ਵੀ ਪੁਸ਼ਟੀ ਕੀਤੀ ਕਿ ਗੁੱਸੇ ਵਿਚ ਆਏ ਪ੍ਰਦਰਸ਼ਨਕਾਰੀਆਂ ਨੇ ਪੁਲਸ ਅਤੇ ਹੋਰ ਵਾਹਨਾਂ ਨੂੰ ਅੱਗ ਲਗਾ ਦਿੱਤੀ। ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਅਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ। ਸ੍ਰੀਲੰਕਾ ਵਿਚ ਪਿਛਲੇ ਕਈ ਹਫ਼ਤਿਆਂ ਤੋਂ ਜਿੱਥੇ ਲੋਕ ਖਾਣ-ਪੀਣ ਦੀਆਂ ਵਸਤੂਆਂ ਦੀ ਕਮੀ ਅਤੇ ਗੈਸ ਅਤੇ ਤੇਲ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਸਨ, ਉੱਥੇ ਹੀ ਬਿਜਲੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ, ਜਿਸ ਨੇ ਅੱਗ ਵਿਚ ਘਿਓ ਦਾ ਕੰਮ ਕੀਤਾ।

ਇਹ ਵੀ ਪੜ੍ਹੋ: ਸ੍ਰੀਲੰਕਾ 'ਚ ਆਰਥਿਕ ਸੰਕਟ ਤੋਂ ਭੜਕੇ ਲੋਕਾਂ ਨੇ ਘੇਰੀ ਰਾਸ਼ਟਰਪਤੀ ਦੀ ਰਿਹਾਇਸ਼, ਬੱਸ ਨੂੰ ਲਾਈ ਅੱਗ

ਇਸ ਤੋਂ ਬਾਅਦ ਲੋਕ ਰਾਜਧਾਨੀ 'ਚ ਸੜਕਾਂ 'ਤੇ ਉੱਤਰ ਆਏ ਅਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ। ਲੋਕਾਂ ਦਾ ਇਹ ਗੁੱਸਾ ਬੀਤੀ ਰਾਤ ਹਿੰਸਕ ਪ੍ਰਦਰਸ਼ਨਾਂ ਦੇ ਰੂਪ 'ਚ ਸੜਕਾਂ 'ਤੇ ਦੇਖਣ ਨੂੰ ਮਿਲਿਆ। ਮੰਨਿਆ ਜਾ ਰਿਹਾ ਹੈ ਕਿ ਰਾਜਧਾਨੀ 'ਚ ਕਰੀਬ 5 ਹਜ਼ਾਰ ਲੋਕ ਸੜਕਾਂ 'ਤੇ ਉਤਰ ਆਏ। ਹੱਥਾਂ ਵਿਚ ਸਰਕਾਰ ਵਿਰੋਧੀ ਤਖ਼ਤੀਆਂ ਫੜੇ ਲੋਕ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ। ਰਾਸ਼ਟਰਪਤੀ ਭਵਨ ਨੇੜੇ ਇਕੱਠੇ ਹੋਏ ਪ੍ਰਦਰਸ਼ਨਕਾਰੀ ‘ਗੋ ਬੈਕ ਟੂ ਗੋਟਬਾਯਾ’ ਦੇ ਨਾਅਰੇ ਲਗਾ ਰਹੇ ਸਨ ਅਤੇ ਮੰਗ ਕਰ ਰਹੇ ਸਨ ਕਿ ਦੇਸ਼ ਦੀ ਆਰਥਿਕਤਾ ਨੂੰ ਸੰਭਾਲਣ ਵਿਚ ਨਾਕਾਮ ਰਹੀ ਸਰਕਾਰ ਨੂੰ ਸੱਤਾ ਤੋਂ ਬਾਹਰ ਕੀਤਾ ਜਾਵੇ। ਹਿੰਸਕ ਪ੍ਰਦਰਸ਼ਨਕਾਰੀਆਂ ਦੀ ਪੁਲਸ ਨਾਲ ਝੜਪ ਵੀ ਹੋਈ। ਇਸ ਪ੍ਰਦਰਸ਼ਨ 'ਤੇ ਕਾਬੂ ਪਾਉਣ ਲਈ ਅਰਧ ਸੈਨਿਕ ਪੁਲਸ ਬਲਾਂ ਅਤੇ ਵਿਸ਼ੇਸ਼ ਟਾਸਕ ਫੋਰਸ ਨੂੰ ਤਾਇਨਾਤ ਕੀਤਾ ਗਿਆ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News