ਸ਼੍ਰੀਲੰਕਾ 'ਚ ਗੋਤਬਾਯਾ ਨੇ ਚੁੱਕੀ ਰਾਸ਼ਟਰਪਤੀ ਅਹੁਦੇ ਦੀ ਸਹੁੰ
Monday, Nov 18, 2019 - 12:51 PM (IST)

ਕੋਲੰਬੋ (ਭਾਸ਼ਾ): ਸ਼੍ਰੀਲੰਕਾ ਵਿਚ ਅੱਜ ਭਾਵ ਸੋਮਵਾਰ ਨੂੰ ਗੋਤਬਾਯਾ ਰਾਜਪਕਸ਼ੇ ਨੇ ਰਾਸ਼ਟਰਪਤੀ ਅਹੁਦੇ ਦੀ ਸੰਹੁ ਚੁੱਕੀ। ਅੱਜ ਉਨ੍ਹਾਂ ਨੇ ਪੁਰਾਣੇ ਬੌਧ ਸ਼ਹਿਰ ਅਨੁਰਾਧਾਪੁਰਾ ਵਿਚ ਸ਼੍ਰੀਲੰਕਾ ਦੇ 7ਵੇਂ ਰਾਸ਼ਟਰਪਤੀ ਦੇ ਤੌਰ 'ਤੇ ਸਹੁੰ ਚੁੱਕੀ। 16 ਨਵੰਬਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਗੋਤਬਾਯਾ ਨੇ ਜਿੱਤ ਹਾਸਲ ਕੀਤੀ ਸੀ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਸ਼੍ਰੀਲੰਕਾ ਦੇ ਪੋਦੁਜਾਨਾ ਪੇਰਮੁਨਾ (ਐੱਲ.ਐੱਲ.ਪੀ.ਪੀ.) ਤੋਂ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਵਾਲੇ ਗੋਤਬਾਯਾ ਨੂੰ ਐਤਵਾਰ (17 ਨਵੰਬਰ) ਨੂੰ ਜੇਤੂ ਐਲਾਨਿਆ ਗਿਆ ਸੀ। ਉਨ੍ਹਾਂ ਦੀ ਪਾਰਟੀ ਐੱਸ.ਐੱਲ.ਪੀ.ਪੀ. ਨੇ ਕਿਹਾ ਸੀ ਕਿ ਸਹੁੰ ਚੁੱਕ ਸਮਾਗਮ ਸੋਮਵਾਰ ਸਵੇਰੇ ਹੋਵੇਗਾ।
ਗੋਤਬਾਯਾ ਸਮਾਰੋਹ ਤੋਂ ਪਹਿਲਾਂ ਅਸ਼ੀਰਵਾਦ ਲੈਣ ਲਈ ਜਯਾ ਸ਼੍ਰੀ ਮਹਾ ਬੋਧਿ ਅਤੇ ਰੂਵੈਨਵੇਲਸੀਆ ਗਏ। ਸਹੁੰ ਚੁੱਕਣ ਤੋਂ ਪਹਿਲਾਂ ਗੋਤਬਾਯਾ ਨੇ ਇਕ ਟਵੀਟ ਕੀਤਾ,''ਜਿੱਤ ਲਈ ਕੋਸ਼ਿਸ਼ ਕਰਨ ਨਾਲੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਜਿੱਤ ਨੂੰ ਬਣਾਈ ਰੱਖਣਾ।''
Sustaining the victory is more important than the journey towards it.#VisionInAction #GR2020 pic.twitter.com/vqjTIEQ3Ul
— Gotabaya Rajapaksa (@GotabayaR) November 18, 2019
ਐੱਸ.ਐੱਲ.ਪੀ.ਪੀ. ਅਤੇ ਵਿਰੋਧੀ ਧਿਰ ਦੇ ਨੇਤਾ ਮਹਿੰਦਰਾ ਰਾਜਪਕਸ਼ੇ, ਪਾਰਟੀ ਦੇ ਪ੍ਰਧਾਨ ਜੀ.ਐੱਲ. ਪੀਰਿਸ, ਰਾਸ਼ਟਰੀ ਸੰਗਠਕ ਬਾਸਿਲ ਰਾਜਪਕਸ਼ੇ, ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਸਮੇਤ ਹੋਰ ਸਿਆਸੀ ਆਗੂ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਏ।