ਸ਼੍ਰੀਲੰਕਾ ਨੇ ਐਮਰਜੈਂਸੀ, ਕਰਫਿਊ ਲਗਾਉਣ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਲਗਾਈ ਪਾਬੰਦੀ

Sunday, Apr 03, 2022 - 10:49 AM (IST)

ਸ਼੍ਰੀਲੰਕਾ ਨੇ ਐਮਰਜੈਂਸੀ, ਕਰਫਿਊ ਲਗਾਉਣ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਲਗਾਈ ਪਾਬੰਦੀ

ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਸਰਕਾਰ ਨੇ ਦੇਸ਼ ਵਿਆਪੀ ਜਨਤਕ ਐਮਰਜੈਂਸੀ ਦਾ ਐਲਾਨ ਕਰਨ ਅਤੇ 36 ਘੰਟੇ ਦਾ ਕਰਫਿਊ ਲਗਾਉਣ ਤੋਂ ਬਾਅਦ ਐਤਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਕਿ ਵਟਸਐਪ, ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਕਦਮ ਟਾਪੂ ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਖਰਾਬ ਆਰਥਿਕ ਸੰਕਟ ਨੂੰ ਲੈ ਕੇ ਸਰਕਾਰ ਵਿਰੋਧੀ ਰੈਲੀਆਂ ਤੋਂ ਪਹਿਲਾਂ ਚੁੱਕਿਆ ਗਿਆ ਹੈ। 'ਕੋਲੰਬੋ ਪੇਜ' ਅਖ਼ਬਾਰ ਦੀ ਖ਼ਬਰ ਦੇ ਅਨੁਸਾਰ ਇਸ ਕਦਮ ਦਾ ਉਦੇਸ਼ ਕੋਲੰਬੋ ਵਿੱਚ ਘੰਟਿਆਂ ਤੱਕ ਬਿਜਲੀ ਕੱਟਾਂ ਦੇ ਵਿਚਕਾਰ ਭੋਜਨ, ਜ਼ਰੂਰੀ ਵਸਤੂਆਂ, ਈਂਧਨ ਅਤੇ ਦਵਾਈਆਂ ਦੀ ਕਮੀ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਵਿੱਚ ਸਰਕਾਰ ਦੀ ਅਸਫਲਤਾ ਦੇ ਖ਼ਿਲਾਫ਼ ਕੋਲੰਬੋ ਵਿਚ ਲੋਕਾਂ ਨੂੰ ਇਕੱਠੇ ਹੋਣ ਤੋਂ ਰੋਕਣਾ ਹੈੈ। 

ਸਾਈਬਰ ਸੁਰੱਖਿਆ ਅਤੇ ਇੰਟਰਨੈਟ ਗਵਰਨੈਂਸ ਵਾਚਡੌਗ ਨੈੱਟਬਲਾਕ ਨੇ ਐਤਵਾਰ ਨੂੰ ਸ਼੍ਰੀਲੰਕਾ ਵਿੱਚ ਅੱਧੀ ਰਾਤ ਤੋਂ ਬਾਅਦ ਫੇਸਬੁੱਕ, ਟਵਿੱਟਰ, ਵਟਸਐਪ, ਵਾਈਬਰ ਅਤੇ ਯੂਟਿਊਬ ਸਮੇਤ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪਾਬੰਦੀ ਦੀ ਪੁਸ਼ਟੀ ਕੀਤੀ। ਖ਼ਬਰਾਂ 'ਚ ਕਿਹਾ ਗਿਆ ਹੈ ਕਿ ਸ਼੍ਰੀਲੰਕਾ ਦੇ ਪ੍ਰਮੁੱਖ ਨੈੱਟਵਰਕ ਆਪਰੇਟਰ ਡਾਇਲਾਗ, ਸ਼੍ਰੀਲੰਕਾ ਟੈਲੀਕਾਮ, ਮੋਬੀਟੇਲ, ਹਚ ਇਸ ਪਾਬੰਦੀ ਦੇ ਦਾਇਰੇ 'ਚ ਹਨ। ਜਿਹੜੇ ਸੋਸ਼ਲ ਮੀਡੀਆ ਅਤੇ ਮੈਸੇਜਿੰਗ ਪਲੇਟਫਾਰਮ ਪੂਰੇ ਜਾਂ ਅੰਸ਼ਕ ਤੌਰ 'ਤੇ ਪ੍ਰਭਾਵਿਤ ਹੋਏ ਹਨ ਉਨ੍ਹਾਂ ਵਿੱਚ ਫੇਸਬੁੱਕ, ਟਵਿੱਟਰ, ਯੂਟਿਊਬ, ਇੰਸਟਾਗ੍ਰਾਮ, ਟਿਕਟਾਕ, ਸਨੈਪਚੈਟ, ਵਟਸਐਪ, ਵਾਈਬਰ, ਟੈਲੀਗ੍ਰਾਮ ਅਤੇ ਫੇਸਬੁੱਕ ਮੈਸੇਂਜਰ ਸ਼ਾਮਲ ਹਨ। ਇਸ ਦੌਰਾਨ ਦੇਸ਼ ਵਿੱਚ ਲੋਕ ਆਰਥਿਕ ਸੰਕਟ ਨਾਲ ਨਜਿੱਠਣ ਵਿੱਚ ਸਰਕਾਰ ਦੀ ਅਸਫਲਤਾ ਦੇ ਖ਼ਿਲਾਫ਼ ਐਤਵਾਰ ਨੂੰ ਪ੍ਰਦਰਸ਼ਨ ਕਰਨ ਵਾਲੇ ਹਨ। ਦਰਅਸਲ, ਲੋਕਾਂ ਨੂੰ ਘੰਟਿਆਂ ਬੱਧੀ ਬਿਜਲੀ ਕੱਟ ਅਤੇ ਜ਼ਰੂਰੀ ਵਸਤਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਬ੍ਰਾਜ਼ੀਲ 'ਚ ਭਾਰੀ ਮੀਂਹ, 8 ਲੋਕਾਂ ਦੀ ਮੌਤ ਤੇ ਕਈ ਲਾਪਤਾ

ਨਾਗਰਿਕਾਂ ਨੂੰ ਪ੍ਰਦਰਸ਼ਨ ਕਰਨ ਤੋਂ ਰੋਕਣ ਲਈ ਕਰਫਿਊ ਲਗਾਇਆ ਗਿਆ ਹੈ। ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੇ ਸ਼ੁੱਕਰਵਾਰ ਦੇਰ ਰਾਤ ਇੱਕ ਵਿਸ਼ੇਸ਼ ਗਜ਼ਟ ਨੋਟੀਫਿਕੇਸ਼ਨ ਜਾਰੀ ਕਰਕੇ ਸ਼੍ਰੀਲੰਕਾ ਵਿੱਚ 1 ਅਪ੍ਰੈਲ ਤੋਂ ਤੁਰੰਤ ਪ੍ਰਭਾਵ ਨਾਲ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ। ਸਰਕਾਰ ਨੇ ਸ਼ਨੀਵਾਰ ਸ਼ਾਮ 6 ਵਜੇ ਤੋਂ ਸੋਮਵਾਰ (4 ਅਪ੍ਰੈਲ) ਦੀ ਸਵੇਰ 6 ਵਜੇ ਤੱਕ 36 ਘੰਟੇ ਦਾ ਕਰਫਿਊ ਵੀ ਲਗਾਇਆ ਹੈ। ਸ਼੍ਰੀਲੰਕਾ ਦੇ ਇਕ ਵਿਅਕਤੀ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਸੋਸ਼ਲ ਮੀਡੀਆ 'ਤੇ ਸਰਗਰਮ ਉਸ ਦੇ ਬੇਟੇ ਨੂੰ ਪੁਲਸ ਨੇ ਅਗਵਾ ਕਰ ਲਿਆ। ਅਨੁਰੁਧ ਬੰਡਾਰਾ ਦੇ ਪਿਤਾ ਨੇ ਦੱਸਿਆ ਕਿ ਮੋਡੇਰਾ ਦੇ ਉੱਤਰੀ ਕੋਲੰਬੋ ਥਾਣੇ ਤੋਂ ਕੋਈ ਵਿਅਕਤੀ ਸ਼ੁੱਕਰਵਾਰ ਰਾਤ ਉਨ੍ਹਾਂ ਦੇ ਬੇਟੇ ਨੂੰ ਚੁੱਕ ਕੇ ਲੈ ਗਿਆ। ਪੁਲਸ ਨੇ ਕਿਹਾ ਕਿ ਉਸ ਦੀਆਂ ਸੋਸ਼ਲ ਮੀਡੀਆ ਗਤੀਵਿਧੀਆਂ ਬਾਰੇ ਪੁੱਛ-ਗਿੱਛ ਕਰਨ ਦੀ ਲੋੜ ਸੀ। ਉਸ ਨੂੰ ਐਤਵਾਰ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਆਪਣੇ ਇਤਿਹਾਸ ਦੇ ਸਭ ਤੋਂ ਖਰਾਬ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪਿਛਲੇ ਕਈ ਹਫ਼ਤਿਆਂ ਤੋਂ ਦੇਸ਼ ਦੇ ਲੋਕ ਬਾਲਣ ਅਤੇ ਰਸੋਈ ਗੈਸ ਲਈ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੋਣ ਦੇ ਨਾਲ-ਨਾਲ ਜ਼ਰੂਰੀ ਵਸਤਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ।

ਨੋਟ-ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News