ਤਮਿਲ ਕੈਦੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ, ਸ਼੍ਰੀਲੰਕਾ ਦੇ ਜੇਲ੍ਹ ਰਾਜ ਮੰਤਰੀ ਨੇ ਦਿੱਤਾ ਅਸਤੀਫ਼ਾ
Wednesday, Sep 15, 2021 - 05:55 PM (IST)
ਕੋਲੰਬੋ (ਪੀ.ਟੀ.ਆਈ.)-ਸ਼੍ਰੀਲੰਕਾ ਦੇ ਜੇਲ੍ਹ ਪ੍ਰਬੰਧਨ ਰਾਜ ਮੰਤਰੀ ਲੋਹਾਨ ਰਾਤਵਾਟੇ ਨੇ ਬੁੱਧਵਾਰ ਅਸਤੀਫ਼ਾ ਦੇ ਦਿੱਤਾ। ਉੁਨ੍ਹਾਂ ਇਹ ਕਦਮ ਦੇਸ਼ ਦੇ ਉੱਤਰੀ ਮੱਧ ਖੇਤਰ ਸਥਿਤ ਅਨੁਰਾਧਾਪੁਰ ਜੇਲ੍ਹ ਦੇ ਦੌਰੇ ਦੌਰਾਨ ਕਥਿਤ ਤੌਰ ’ਤੇ ਤਮਿਲ ਕੈਦੀਆਂ ਨੂੰ ਮਾਰਨ ਦੀ ਧਮਕੀ ਦੇਣ ਤੋਂ ਕੁਝ ਦਿਨਾਂ ਬਾਅਦ ਚੁੱਕਿਆ ਹੈ। ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਤਮਿਲ ਸਿਆਸੀ ਪਾਰਟੀਆਂ ਵੱਲੋਂ ਕਥਿਤ ਧਮਕੀ ਤੋਂ ਬਾਅਦ ਅਸਤੀਫਾ ਅਤੇ ਗ੍ਰਿਫਤਾਰੀ ਦੀ ਮੰਗ ਦੇ ਮੱਦੇਨਜ਼ਰ ਦਬਾਅ ਹੇਠ ਰਾਤਵਾਟੇ ਨੇ ਅਸਤੀਫਾ ਦਿੱਤਾ ਹੈ। ਰਾਸ਼ਟਰਪਤੀ ਦੇ ਬੁਲਾਰੇ ਕਿੰਗਸਲੇ ਰਤਨਾਇਕੇ ਨੇ ਦੱਸਿਆ ਕਿ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਰਾਤਵਾਟੇ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ।
ਰਾਤਵਾਟੇ ’ਤੇ ਦੋਸ਼ ਹੈ ਕਿ ਉਨ੍ਹਾਂ ਨੇ 12 ਸਤੰਬਰ ਨੂੰ ਅਨੁਰਾਧਾਪੁਰ ਜੇਲ੍ਹ ਦੇ ਦੌਰੇ ਦੌਰਾਨ ਦੋ ਤਮਿਲ ਕੈਦੀਆਂ ਨੂੰ ਗੋਡੇ ਟੇਕਣ ਲਈ ਮਜਬੂਰ ਕੀਤਾ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਨ੍ਹਾਂ ਦੇ ਕਥਿਤ ਵਤੀਰੇ ਦੀ ਤਮਿਲ ਪਾਰਟੀਆਂ ਨੇ ਨਿੰਦਾ ਕੀਤੀ ਅਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ।