ਸ਼੍ਰੀਲੰਕਾ : ISIS ਦਾ ਦਾਅਵਾ-ਪੁਲਸ ਰੇਡ ''ਚ ਮਾਰੇ ਗਏ ਸਾਡੇ ਅੱਤਵਾਦੀ ਹਮਲਾਵਰ

04/28/2019 2:38:31 PM

ਕੋਲੰਬੋ— ਸ਼੍ਰੀਲੰਕਾ ਦੇ ਪੂਰਬੀ ਸੂਬੇ 'ਚ ਸੁਰੱਖਿਆ ਫੌਜ ਨਾਲ ਮੁਕਾਬਲੇ 'ਚ ਮਾਰੇ ਗਏ 3 ਅੱਤਵਾਦੀਆਂ ਨੂੰ ਲੈ ਕੇ ਇਸਲਾਮਕ ਸਟੇਟ ਨੇ ਦਾਅਵਾ ਕੀਤਾ ਕਿ ਜਿਨ੍ਹਾਂ ਨੇ ਖੁਦ ਨੂੰ ਬੰਬ ਨਾਲ ਉਡਾਇਆ ਉਹ ਉਸ ਦੇ ਮੈਂਬਰ ਸਨ। ਮੁਕਾਬਲਾ ਸ਼ੁੱਕਰਵਾਰ ਨੂੰ ਉਸ ਸਮੇਂ ਹੋਇਆ ਜਦ ਸੁਰੱਖਿਆ ਫੌਜੀ ਈਸਟਰ ਮੌਕੇ ਗਿਰਜਾਘਰਾਂ ਤੇ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਧਮਾਕਿਆਂ ਲਈ ਜ਼ਿੰਮੇਦਾਰ ਸਥਾਨਕ ਅੱਤਵਾਦੀ ਸਮੂਹ (ਰਾਸ਼ਟਰੀ ਤੌਹੀਦ ਜਮਾਤ) ਦੇ ਲੜਾਕਿਆਂ ਦੀ ਭਾਲ ਕਰ ਰਹੇ ਸਨ। ਇਨ੍ਹਾਂ ਧਮਾਕਿਆਂ 'ਚ 359 ਲੋਕਾਂ ਦੀ ਮੌਤ ਹੋ ਗਈ ਜਦ ਕਿ 500 ਤੋਂ ਵਧੇਰੇ ਜ਼ਖਮੀ ਹਨ।

'ਕੋਲੰਬੋ ਗਜਟ' ਦੀ ਇਕ ਰਿਪੋਰਟ ਮੁਤਾਬਕ ਇਸਲਾਮਕ ਸਟੇਟ ਦੀ ਨਿਊਜ਼ ਏਜੰਸੀ ਅਲ ਅਮਾਕ ਰਾਹੀਂ ਅੱਤਵਾਦੀਆਂ ਨੇ ਇਕ ਬਿਆਨ 'ਚ ਕਿਹਾ ਕਿ ਸ਼ੁੱਕਰਵਾਰ ਨੂੰ ਮੁਕਾਬਲੇ ਦੌਰਾਨ ਅਬੂ ਹਮਾਦ, ਅਬੂ ਸੂਫਿਆਨ ਅਤੇ ਅਬੂ ਅਲ-ਕਾਕਾ ਮਾਰੇ ਗਏ। ਉਨ੍ਹਾਂ ਨੇ ਆਟੋਮੈਟਿਕ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਅਤੇ ਗੋਲਾ-ਬਾਰੂਦ ਖਤਮ ਹੋਣ 'ਤੇ ਉਨ੍ਹਾਂ ਨੇ ਆਪਣੇ -ਆਪ ਨੂੰ ਉਡਾ ਲਿਆ। ਇਸ ਦੌਰਾਨ ਲਗਭਗ 15 ਹੋਰ ਲੋਕਾਂ ਦੇ ਮਾਰੇ ਜਾਣ ਦੀ ਵੀ ਖਬਰ ਹੈ। ਅਮਾਕ ਨੇ 2 ਅੱਤਵਾਦੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਸ਼ੁੱਕਰਵਾਰ ਦੀ ਸ਼ਾਮ ਨੂੰ ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਫੌਜ ਨੂੰ ਅੰਪਾਰਾ ਜ਼ਿਲੇ ਦੇ ਇਕ ਘਰ 'ਚੋਂ ਇਸਲਾਮਕ ਸਟੇਟ ਦੇ ਝੰਡੇ , ਕਿਤਾਬਾਂ ਅਤੇ ਹੋਰ ਚੀਜ਼ਾਂ ਮਿਲੀਆਂ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਸੰਗਠਨ ਅੱਤਵਾਦੀਆਂ ਨੂੰ ਸਹੁੰ ਚੁਕਾਉਂਦੇ ਸਨ। ਪੁਲਸ ਨੇ ਹੁਣ ਤਕ 80 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਹੈ।


Related News