ਸ੍ਰੀਲੰਕਾ ਦੇ 100 ਤੋਂ ਵੱਧ ਸ਼ਹਿਰਾਂ ''ਚ ਸਿਗਰਟ ਵਿਕਰੀ ਦਾ ਬਾਈਕਾਟ

Thursday, Aug 23, 2018 - 11:14 AM (IST)

ਸ੍ਰੀਲੰਕਾ ਦੇ 100 ਤੋਂ ਵੱਧ ਸ਼ਹਿਰਾਂ ''ਚ ਸਿਗਰਟ ਵਿਕਰੀ ਦਾ ਬਾਈਕਾਟ

ਕੋਲੰਬੋ (ਬਿਊਰੋ)— ਸ਼੍ਰੀਲੰਕਾ ਨੂੰ ਤੰਬਾਕੂ ਮੁਕਤ ਬਣਾਉਣ ਦੀ ਦਿਸ਼ਾ ਵਿਚ ਵੱਡੀ ਪਹਿਲ ਕਰਦਿਆਂ ਦੇਸ਼ ਦੇ 100 ਤੋਂ ਵੱਧ ਸ਼ਹਿਰਾਂ ਨੇ ਸਿਗਰਟ ਵੇਚਣੀ ਬੰਦ ਕਰ ਦਿੱਤੀ ਹੈ। ਸਿਹਤ ਮੰਤਰਾਲੇ ਨੇ ਪੂਰੇ ਦੇਸ਼ ਵਿਚ ਸਿਗਰਟ ਨਾਲ ਹੋਣ ਵਾਲੇ ਨੁਕਸਾਨਾਂ ਦੇ ਬਾਰੇ ਵਿਚ ਜਾਗਰੂਕਤਾ ਪ੍ਰੋਗਰਾਮ ਚਲਾਇਆ ਸੀ। ਇਸ ਮਗਰੋਂ ਕਈ ਸ਼ਹਿਰਾਂ ਦੇ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਸਿਗਰਟ ਵਿਕਰੀ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ। ਇਕ ਸਮਾਚਾਰ ਏਜੰਸੀ ਮੁਤਾਬਕ ਫਿਲਹਾਲ ਦੇਸ਼ ਦੇ 107 ਸ਼ਹਿਰ ਇਸ ਮੁਹਿੰਮ ਦਾ ਹਿੱਸਾ ਬਣ ਚੁੱਕੇ ਹਨ। ਸਿਹਤ ਮੰਤਰੀ ਰੰਜੀਤਾ ਸੈਨਾਰਤਨੇ ਨੇ ਦੱਸਿਆ ਕਿ ਸਾਲ 2019 ਵਿਚ ਇਨ੍ਹਾਂ ਸ਼ਹਿਰਾਂ ਦੀ ਗਿਣਤੀ 200 ਹੋ ਜਾਵੇਗੀ। 

ਗੌਰਤਲਬ ਹੈ ਕਿ ਸ਼੍ਰੀਲੰਕਾ ਸਰਕਾਰ ਨੇ ਦੇਸ਼ ਵਿਚ ਤੰਬਾਕੂ ਉਤਪਾਦਾਂ 'ਤੇ ਰੋਕ ਲਗਾਉਣ ਲਈ ਕਈ ਕਦਮ ਚੁੱਕੇ ਹਨ। ਤੰਬਾਕੂ 'ਤੇ ਵੱਧ ਤੋਂ ਵੱਧ ਟੈਕਸ 90 ਫੀਸਦੀ ਕਰਨ ਦੇ ਨਾਲ ਹੀ ਸਿਗਰਟ ਦੇ ਪੈਕੇਟ ਦੇ 80 ਫੀਸਦੀ ਹਿੱਸੇ ਵਿਚ ਚਿਤਾਵਨੀ ਚਿੱਤਰ ਛਾਪਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਜਨਤਕ ਸਥਾਨਾਂ 'ਤੇ ਸਿਗਰਟ ਪੀਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਨਾਲ ਹੀ ਸਕੂਲਾਂ ਦੇ 100 ਮੀਟਰ ਦੇ ਦਾਇਰੇ ਵਿਚ ਇਸ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਗਈ ਹੈ। ਸ਼ੀਲੰਕਾ ਸਰਕਾਰ ਸਾਲ 2020 ਤੱਕ ਤੰਬਾਕੂ ਦੇ ਉਤਪਾਦਨ 'ਤੇ ਰੋਕ ਲਗਾਉਣ 'ਤੇ ਵੀ ਵਿਚਾਰ ਕਰ ਰਹੀ ਹੈ।


Related News