ਹੁਣ ਇਸ ਕੰਪਨੀ ਦੇ ਵਰਕਰ ਵੀ ਰਿਟਾਇਰਮੈਂਟ ਤਕ ਘਰੋਂ ਕਰ ਸਕਣਗੇ ਕੰਮ
Tuesday, May 19, 2020 - 04:00 PM (IST)
ਗੈਜੇਟ ਡੈਸਕ— ਕੁਝ ਦਿਨ ਪਹਿਲਾਂ ਹੀ ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਨੇ ਕਿਹਾ ਹੈ ਕਿ ਉਸ ਦੇ ਕਰਮਚਾਰੀ ਚਾਹੁਣ ਤਾਂ ਰਿਟਾਇਰਮੈਂਟ ਤਕ ਘਰੋਂ ਕੰਮ ਯਾਨੀ ਵਰਕ ਫਰਾਮ ਹੋਮ ਕਰ ਸਕਦੇ ਹਨ। ਟਵਿਟਰ ਤੋਂ ਬਾਅਦ ਹੁਣ ਸਕਵਾਇਰ ਕੰਪਨੀ ਨੇ ਵੀ ਐਲਾਨ ਕੀਤਾ ਹੈ ਕਿ ਉਸ ਦੇ ਕਰਮਚਾਰੀ ਵੀ ਰਿਟਾਇਰਮੈਂਟ ਤਕ ਘਰੋਂ ਹੀ ਕੰਮ ਕਰ ਸਕਦੇ ਹਨ। ਦੱਸ ਦੇਈਏ ਕਿ ਸਕਵਾਇਰ ਵੀ ਟਵਿਟਰ ਦੇ ਸੀ.ਈ.ਓ. ਜੈਕ ਡੋਰਸੀ ਦੀ ਹੀ ਕੰਪਨੀ ਹੈ। ਸਕਵਾਇਰ ਜੈਕ ਡੋਰਸੀ ਦੀ ਫਾਈਨੈਂਸ਼ੀਅਲ ਸਰਵਸਿ ਦੇਣ ਵਾਲੀ ਕੰਪਨੀ ਹੈ। ਸਕਵਾਇਰ ਸੈਨ ਫਰਾਂਸਿਸਕੋ 'ਚ ਮੋਬਾਇਲ ਪੇਮੈਂਟ ਸੇਵਾ ਵੀ ਦਿੰਦੀ ਹੈ।
ਕੰਪਨੀ ਦੇ ਬੁਲਾਰੇ ਨੇ 'ਦਿ ਵਰਜ਼' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਰਮਚਾਰੀ ਉਥੋਂ ਕੰਮ ਕਰਨ ਜਿਥੋਂ ਉਨ੍ਹਾਂ ਦੀ ਰਚਨਾਤਮਕਤਾ ਅਤੇ ਉਤਪਾਦਕਤਾ ਬਣੀ ਰਹੇ। ਦਫਤਰ ਖੁੱਲ੍ਹਣ ਤੋਂ ਬਾਅਦ ਵੀ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਆਜ਼ਾਦੀ ਰਹੇਗੀ। ਪਿਛਲੇ ਕੁਝ ਹਫਤਿਆਂ 'ਚ ਅਸੀਂ ਬਹੁਤ ਕੁਝ ਸਿਖਿਆ ਹੈ। ਅਤੇ ਅਸੀਂ ਅੱਗੇ ਵੀ ਇਸੇ ਤਰ੍ਹਾਂ ਸਿਖਦੇ ਰਹਾਂਗੇ। ਸਕਵਾਇਰ ਦੀ ਨਵੀਂ ਪਾਲਿਸੀ ਉਨ੍ਹਾਂ ਸਾਰੇ ਕਰਮਚਾਰੀਆਂ 'ਤੇ ਲਾਗੂ ਹੋਵੇਗੀ ਹੋ ਦਾ ਕੰਮ ਘਰੋਂ ਕਰਨ ਦੇ ਯੋਗ ਹਨ।
ਇਸ ਤੋਂ ਪਹਿਲਾਂ ਫੇਸਬੁੱਕ ਅਤੇ ਗੂਗਲ ਨੇ ਵੀ ਆਪਣੇ ਕਰਮਚਾਰੀਆਂ ਨੂੰ ਸਾਲ 2020 ਦੇ ਅੰਤ ਤਕ ਘਰੋਂ ਕੰਮ ਕਰਨ ਦੀ ਸੁਵਿਧਾ ਦਿੱਤੀ ਹੈ। ਇਨ੍ਹਾਂ ਕੰਪਨੀਆਂ ਨੇ ਕਿਹਾ ਹੈ ਕਿ ਜਿਨ੍ਹਾਂ ਦਾ ਕੰਮ ਘਰੋਂ ਹੋ ਸਕਦਾ ਹੈ, ਉਹ ਘਰੋਂ ਹੀ ਕੰਮ ਕਰਨ। ਕਿਸੇ ਜ਼ਰੂਰੀ ਕੰਮ ਕਾਰਣ ਹੀ ਉਨ੍ਹਾਂ ਨੂੰ ਦਫਤਰ ਬੁਲਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਮਾਈਕ੍ਰੋਸਾਫਟ ਦੇ ਸੀ.ਈ.ਓ. ਸੱਤਿਆ ਨਡੇਲਾ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਕਿਹਾ ਹੈ ਕਿ ਹਮੇਸ਼ਾ ਲਈ ਵਰਕ ਫਰਾਮ ਹੋਮ ਇਕ ਸਹੀ ਫੈਸਲਾ ਨਹੀਂ ਹੈ। ਵਰਚੁਅਲ ਮੀਟਿੰਗਸ ਕਿਸੇ ਵੀ ਕੀਮਤ 'ਤੇ ਦਫਤਰ ਦੀ ਮੀਟਿੰਗ ਦੀ ਥਾਂ ਨਹੀਂ ਲੈ ਸਕਦੀ। ਉਨ੍ਹਾਂ ਕਿਹਾ ਕਿ ਵਰਕ ਫਰਾਮ ਹੋਮ ਨਾਲ ਕਰਮਚਾਰੀਆਂ ਦੇ ਸਮਾਜਿਕ ਸੂਤਰ ਖਤਮ ਹੋ ਜਾਣਗੇ ਅਤੇ ਉਨ੍ਹਾਂ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚੇਗਾ।