ਸਪਾਈਸਜੈੱਟ 2025 ’ਚ 15,500 ਲੋਕਾਂ ਨੂੰ ਕਰਵਾਏਗੀ ਹੱਜ ਯਾਤਰਾ

Thursday, Dec 05, 2024 - 06:07 AM (IST)

ਸਪਾਈਸਜੈੱਟ 2025 ’ਚ 15,500 ਲੋਕਾਂ ਨੂੰ ਕਰਵਾਏਗੀ ਹੱਜ ਯਾਤਰਾ

ਜਲੰਧਰ - ਸਪਾਈਸਜੈੱਟ ਏਅਰਲਾਈਨ ਨੂੰ 2025 ਵਿਚ 4 ਵੱਡੇ  ਭਾਰਤੀ ਸ਼ਹਿਰਾਂ ਕੋਲਕਾਤਾ, ਗੁਹਾਟੀ, ਸ਼੍ਰੀਨਗਰ ਅਤੇ ਗਯਾ ਤੋਂ ਹੱਜ ਉਡਾਣਾਂ ਚਲਾਉਣ ਦਾ ਅਧਿਕਾਰ ਮਿਲ ਗਿਆ ਹੈ। ਏਅਰਲਾਈਨ ਅਗਲੇ ਸਾਲ ਲੱਗਭਗ 15,500 ਹੱਜ ਯਾਤਰੀਆਂ ਨੂੰ ਹੱਜ ਯਾਤਰਾ ਕਰਵਾਏਗੀ, ਜੋ  2024 ’ਚ 13,000 ਹੱਜ ਯਾਤਰੀਆਂ ਦੀ ਤੁਲਨਾ ’ਚ 18 ਫੀਸਦੀ ਜ਼ਿਆਦਾ ਹੈ।  

ਸਪਾਈਸਜੈੱਟ ਅਗਲੇ ਸਾਲ 100 ਤੋਂ ਜ਼ਿਆਦਾ ਸਪੈਸ਼ਲ ਹੱਜ ਉਡਾਣਾਂ ਦਾ ਸੰਚਾਲਨ ਕਰੇਗੀ, ਜਿਸ ’ਚ ਨੈਰੋ-ਬਾਡੀ ਅਤੇ ਚੌੜੀ ਬਾਡੀ  ਵਾਲੇ ਵਿਮਾਨਾਂ ਦਾ ਸੰਚਾਲਨ ਹੋਵੇਗਾ। ਏਅਰਲਾਈਨ ਨੂੰ 2025 ਵਿਚ 185 ਕਰੋੜ ਰੁਪਏ ਦੀ ਕਮਾਈ ਹੋਣ ਦੀ ਉਮੀਦ ਹੈ। ਸਪਾਈਸਜੈੱਟ 2019 ਤੋਂ ਸਫਲਤਾਪੂਰਵਕ ਵਿਸ਼ੇਸ਼ ਸਾਲਾਨਾ ਹੱਜ ਉਡਾਣਾਂ ਦਾ ਸੰਚਾਲਨ ਕਰ ਰਹੀ ਹੈ।

ਯਾਤਰੀਆਂ ਦੀਆਂ ਜ਼ਰੂਰਤਾਂ ਨੂੰ ਤਰਜੀਹ 
ਪਿਛਲੇ ਹੱਜ ਸੀਜ਼ਨ ਦੌਰਾਨ ਸਪਾਈਸਜੈੱਟ ਨੇ ਸ਼ਰਧਾਲੂਆਂ ਦੇ ਯਾਤਰਾ ਅਨੁਭਵ ਨੂੰ ਵਧਾਉਣ ਲਈ 2 ਏਅਰਬੱਸ ਏ-340 ਜਹਾਜ਼ ਤਾਇਨਾਤ ਕੀਤੇ ਸਨ,  ਹਰ  ਜ਼ਹਾਜ਼ ’ਚ 324 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਸੀ। 2025 ਵਿਚ  ਏਅਰਲਾਈਨ ਆਪਣੀਆਂ ਸੇਵਾਵਾਂ ਵਿਚ ਹੋਰ ਸੁਧਾਰ ਕਰਨ ਲਈ ਵਚਨਬੱਧ ਹੈ ਅਤੇ ਸ਼ਰਧਾਲੂਆਂ ਲਈ ਇਕ ਆਰਾਮਦਾਇਕ ਅਤੇ ਨਿਰਵਿਘਨ ਯਾਤਰਾ ਦੀ ਗਾਰੰਟੀ ਦੇਣ ਲਈ ਸਾਰੇ ਲੋੜੀਂਦੇ ਪ੍ਰਬੰਧ ਕਰ ਰਹੀ ਹੈ।

ਸਪਾਈਸਜੈੱਟ ਦੇ ਚੀਫ ਬਿਜ਼ਨੈੱਸ ਅਫਸਰ ਦੇਬੋਜੋ ਮਹਾਰਿਸ਼ੀ ਨੇ ਕਿਹਾ ਕਿ ਸਪਾਈਸਜੈੱਟ ਲਈ ਹੱਜ ਸੰਚਾਲਨ ਨਾ ਸਿਰਫ ਇਕ ਮਹੱਤਵਪੂਰਨ ਮਾਲੀਆ ਪੈਦਾ ਕਰਨ ਵਾਲਾ ਹੈ, ਅਸਲ ਵਿਚ ਇਹ ਬੜੇ ਮਾਣ ਵਾਲੀ ਗੱਲ  ਵੀ ਹੈ। ਉਨ੍ਹਾਂ ਕਿਹਾ ਕਿ  ਸਾਨੂੰ ਹਜ਼ਾਰਾਂ ਹੱਜ ਯਾਤਰੀਆਂ ਲਈ ਅਜਿਹੀ ਮਹੱਤਵਪੂਰਨ ਅਤੇ ਅਧਿਆਤਮਿਕ ਯਾਤਰਾ ਵਿਚ ਯੋਗਦਾਨ ਪਾਉਣ ’ਤੇ ਮਾਣ ਹੈ ਅਤੇ ਅਸੀਂ ਇਕ ਸਹਿਜ, ਆਰਾਮਦਾਇਕ ਅਤੇ ਯਾਦਗਾਰ ਯਾਤਰਾ ਅਨੁਭਵ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਸਪਾਈਸਜੈੱਟ ਨੇ ਹਮੇਸ਼ਾ ਆਪਣੇ ਯਾਤਰੀਆਂ ਦੀਆਂ ਜ਼ਰੂਰਤਾਂ ਨੂੰ ਤਰਜੀਹ ਦਿੱਤੀ ਹੈ।


author

Inder Prajapati

Content Editor

Related News