ਦਿਲ ਦਹਿਲਾਉਣ ਵਾਲੀ ਟ੍ਰੇਨਿੰਗ ''ਚੋਂ ਲੰਘਦੇ ਹਨ ਜਾਪਾਨ ਦੇ ਬੁਲੇਟ ਟਰੇਨ ਦੇ ਕਰਮਚਾਰੀ
Monday, Aug 27, 2018 - 06:03 PM (IST)

ਟੋਕੀਓ (ਭਾਸ਼ਾ)— ਜਾਪਾਨ ਵਿਚ ਬੁਲੇਟ ਟਰੇਨ ਦਾ ਰੱਖ-ਰਖਾਅ ਕਰਨ ਵਾਲੇ ਕਰਮਚਾਰੀਆਂ ਨੂੰ ਇਕ ਖਾਸ ਤਰ੍ਹਾਂ ਦੀ ਟ੍ਰੇਨਿੰਗ 'ਚੋਂ ਲੰਘਣਾ ਪੈਂਦਾ ਹੈ। ਇਸ ਦੌਰਾਨ ਉਨ੍ਹਾਂ ਨੂੰ ਸੁਰੰਗ ਵਿਚ ਪ੍ਰਤੀ ਘੰਟੇ 300 ਕਿਲੋਮੀਟਰ ਦੀ ਰਫਤਾਰ ਨਾਲ ਚੱਲ ਰਹੀ ਬੁਲੇਟ ਟਰੇਨ ਦੀ ਲਾਈਨ ਦੇ ਠੀਕ ਬਗਲ 'ਚ ਬੈਠਣਾ ਪੈਂਦਾ ਹੈ। ਰੇਲ ਕੰਪਨੀ ਵੀ. ਆਰ. ਵੈਸਟ ਨੇ ਬੁਲੇਟ ਟਰੇਨ ਦੀ ਸੁਰੱਖਿਆ ਲਈ ਅਪਣਾਈ ਜਾਣ ਵਾਲੀ ਇਸ ਕਵਾਇਦ ਦਾ ਬਚਾਅ ਕੀਤਾ ਹੈ, ਜਿਸ ਦੇ ਤਹਿਤ ਕਰਮਚਾਰੀਆਂ ਨੂੰ ਸੁਰੰਗ ਦੇ ਅੰਦਰ ਲਾਈਨ ਦੇ ਬਿਲਕੁਲ ਬਗਲ 'ਚ ਬੈਠਣਾ ਪੈਂਦਾ ਹੈ। ਇਸ ਟ੍ਰੇਨਿੰਗ ਦਾ ਮਕਸਦ ਕਰਮਚਾਰੀਆਂ ਨੂੰ ਇਹ ਜਤਾਉਣਾ ਹੁੰਦਾ ਹੈ ਕਿ ਟਰੇਨ ਬਹੁਤ ਤੇਜ਼ ਰਫਤਾਰ ਨਾਲ ਦੌੜਦੀ ਹੈ ਅਤੇ ਉਨ੍ਹਾਂ ਨੂੰ ਵੀ ਆਪਣਾ ਕੰਮ ਗੰਭੀਰਤਾ ਨਾਲ ਕਰਨ ਦੀ ਲੋੜ ਹੈ। ਕੰਪਨੀ ਨੇ ਦੱਸਿਆ ਕਿ ਕੁਝ ਕਰਮਚਾਰੀਆਂ ਤੋਂ ਸ਼ਿਕਾਇਤਾਂ ਮਿਲੀਆਂ ਹਨ ਪਰ ਇਸ 'ਚ ਬਦਲਾਅ ਨਹੀਂ ਕੀਤਾ ਜਾਵੇਗਾ।
ਕੰਪਨੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਾਪਾਨ ਦੀ ਸ਼ਿੰਕੇਨਸੇਨ ਬੁਲੇਟ ਟਰੇਨ ਦੇ ਰੱਖ-ਰਖਾਅ ਲਈ ਤਕਰੀਬਨ 190 ਕਰਮਚਾਰੀਆਂ ਨੂੰ ਟ੍ਰੇਨਿੰਗ ਮਿਲੀ ਹੈ। ਉਨ੍ਹਾਂ ਨੇ ਕਿਹਾ, ''ਟ੍ਰੇਨਿੰਗ ਦੌਰਾਨ ਕਰਮਚਾਰੀਆਂ ਨੂੰ ਉਨ੍ਹਾਂ ਦੀ ਨੌਕਰੀ ਦੇ ਹਰੇਕ ਮਹੱਤਵਪੂਰਨ ਪਹਿਲੂਆਂ ਬਾਰੇ ਦੱਸਿਆ ਜਾਂਦਾ ਹੈ।'' ਉਨ੍ਹਾਂ ਨੇ ਕਿਹਾ ਕਿ ਟ੍ਰੇਨਿੰਗ ਦੌਰਾਨ ਅਸੀਂ ਸੁਰੱਖਿਆ 'ਤੇ ਬਹੁਤ ਨੇੜੇ ਤੋਂ ਨਜ਼ਰ ਰੱਖਦੇ ਹਾਂ। ਕੰਪਨੀ ਨੇ ਕਿਹਾ ਕਿ ਖਾਸ ਉਦੇਸ਼ ਅਤੇ ਸੁਰੱਖਿਆ ਯਕੀਨੀ ਕਰਨ ਲਈ ਇਹ ਟ੍ਰੇਨਿੰਗ ਜਾਰੀ ਰਹੇਗੀ। ਅਗਸਤ 2015 'ਚ ਹਾਦਸੇ ਮਗਰੋਂ ਜੇ. ਆਰ. ਵੈਸਟ ਨੇ ਇਸ ਟ੍ਰੇਨਿੰਗ ਦੀ ਸ਼ੁਰੂਆਤ ਕੀਤੀ ਸੀ। ਸੁਰੱਖਿਆ ਲਈ ਭਾਵੇਂ ਹੀ ਇਸ ਟ੍ਰੇਨਿੰਗ 'ਚੋਂ ਕਰਮਚਾਰੀਆਂ ਨੂੰ ਲੰਘਣਾ ਜ਼ਰੂਰੀ ਹੋਵੇ ਪਰ ਕੁਝ ਕਰਮਚਾਰੀਆਂ ਲਈ ਇਹ ਦਿਲ ਦਹਿਲਾਉਣ ਵਾਲਾ ਅਨੁਭਵ ਸਾਬਤ ਹੁੰਦਾ ਹੈ। ਟੋਕੀਆ ਦੀ ਇਕ ਅਖਬਾਰ ਨੇ ਕਰਮਚਾਰੀ ਦੇ ਹਵਾਲੇ ਨਾਲ ਕਿਹਾ ਕਿ ਇਹ ਬੇਹੱਦ ਖੌਫਨਾਕ ਅਨੁਭਵ ਸੀ। ਇਕ ਹੋਰ ਕਰਮਚਾਰੀ ਨੇ ਇਸ ਤਜਰਬੇ ਨੂੰ ਸਜ਼ਾ ਵਾਂਗ ਦੱਸਿਆ।