ਇਸ ਹਫਤੇ ਤੋਂ ਸ਼ੁਰੂ ਹੋਣਗੀਆਂ ਵਿਸ਼ੇਸ਼ ਉਡਾਣਾਂ, USA ''ਚ ਫਸੇ ਭਾਰਤੀ ਲਿਆਂਦੇ ਜਾਣਗੇ ਵਾਪਸ

05/05/2020 1:06:52 PM

ਵਾਸ਼ਿੰਗਟਨ- ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲਗਾਈਆਂ ਪਾਬੰਦੀਆਂ ਕਾਰਨ ਅਮਰੀਕਾ ਵਿਚ ਫਸੇ ਹਜ਼ਾਰਾਂ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਇਸ ਹਫਤੇ ਸੈਨ ਫਰਾਂਸਿਸਕੋ ਅਤੇ ਹੋਰ ਸ਼ਹਿਰਾਂ ਤੋਂ ਵਿਸ਼ੇਸ਼ ਫਲਾਈਟਾਂ ਉਡਾਣ ਭਰਨਗੀਆਂ। ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਕਿਸੇ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ। ਵਿਸ਼ੇਸ਼ ਜਹਾਜ਼ ਸੈਨ ਫਰਾਂਸਿਸਕੋ, ਨਿਊਯਾਰਕ, ਸ਼ਿਕਾਗੋ ਅਤੇ ਵਾਸ਼ਿੰਗਟਨ ਡੀ. ਸੀ. ਤੋਂ ਉਡਾਣ ਭਰ ਸਕਦੇ ਹਨ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲਗਾਈ ਗਈ ਯਾਤਰਾ ਪਾਬੰਦੀ ਕਾਰਨ ਅਮਰੀਕਾ ਵਿਚ ਫਸੇ ਭਾਰਤੀ ਵਿਦਿਆਰਥੀਆਂ ਅਤੇ ਲੋਕਾਂ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ ਆਉਣ ਵਾਲੇ ਹਫ਼ਤਿਆਂ ਵਿਚ ਉਡਾਣਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾ ਸਕਦਾ ਹੈ। ਕਮਿਊਨਿਟੀ ਨੇਤਾਵਾਂ ਨੇ ਭਾਰਤ ਸਰਕਾਰ ਦੇ ਇਸ ਕਦਮ ਦਾ ਸਵਾਗਤ ਕੀਤਾ। 

ਸਰਕਾਰ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਵਿਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ ਦੀ ਵਾਪਸੀ ਲਈ ਵਿਸ਼ੇਸ਼ ਉਡਾਣਾਂ ਰਾਹੀਂ ਸੁਵਿਧਾ ਦਿੱਤੀ ਜਾਵੇਗੀ ਜੋ ਕਿ 7 ਮਈ ਤੋਂ ਪੜਾਅਬੱਧ ਤਰੀਕੇ ਵਿਚ ਸ਼ੁਰੂ ਹੋਵੇਗੀ। ਅਮਰੀਕਾ ਵਿਚ ਭਾਰਤੀ ਦੂਤਘਰਾਂ ਅਤੇ ਕੌਂਸਲੇਟਾਂ ਨੇ ਘਰ ਵਾਪਸ ਜਾਣ ਦੇ ਇਛੁੱਕ ਭਾਰਤੀਆਂ ਦੀ ਸੂਚੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਇਹ ਸੂਚੀ ਆਨਲਾਈਨ ਰਜਿਸਟ੍ਰੇਸ਼ਨ ਰਾਹੀਂ ਬਣਾਈ ਜਾ ਰਹੀ ਹੈ। ਇਸ ਕੋਸ਼ਿਸ਼ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਜੈਪੁਰ ਫੁੱਟ ਯੂ. ਐੱਸ. ਏ. ਦੇ ਪ੍ਰਧਾਨ ਪ੍ਰੇਮ ਭੰਡਾਰੀ ਨੇ ਕਿਹਾ, "ਮੇਰੀ ਯਾਦ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਸਰਕਾਰ ਆਪਣੇ ਨਾਗਰਿਕਾਂ ਨੂੰ ਅਮਰੀਕਾ ਤੋਂ ਲਿਆਉਣ ਲਈ ਅਜਿਹੀ ਕੋਸ਼ਿਸ਼ ਕਰ ਰਹੀ ਹੈ।" ਭੰਡਾਰੀ ਨੂੰ ਅਮਰੀਕਾ ਵਿਚ ਫਸੇ ਭਾਰਤੀਆਂ ਦੇ ਫੋਨ ਆ ਰਹੇ ਸਨ ਅਤੇ ਲੋਕ ਆਪਣੀਆਂ ਮੁਸ਼ਕਲਾਂ ਦੱਸ ਰਹੇ ਸਨ। ਉਨ੍ਹਾਂ ਨੇ ਪਿਛਲੇ ਹਫਤੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਅਤੇ ਸ਼ਹਿਰੀ ਹਵਾਬਾਜ਼ੀ ਸਕੱਤਰ ਪ੍ਰਦੀਪ ਸਿੰਘ ਖਰੋਲਾ ਨੂੰ ਪੱਤਰ ਲਿਖਿਆ ਸੀ, ਜਿਸ ਵਿਚ ਉਨ੍ਹਾਂ ਦੱਸਿਆ ਕਿ ਇੱਥੇ ਬਹੁਤ ਸਾਰੇ ਵਿਦਿਆਰਥੀ ਹਨ, ਜਿਨ੍ਹਾਂ ਕੋਲ ਪੈਸੇ ਖਤਮ ਹੋ ਚੁੱਕੇ ਹਨ। ਉਨ੍ਹਾਂ ਕੋਲ ਰਹਿਣ ਲਈ ਜਗ੍ਹਾ ਨਹੀਂ ਹੈ। ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਪ੍ਰਭਾਵਤ ਹੋ ਰਹੀ ਹੈ। ਭੰਡਾਰੀ ਨੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੂੰ ਵੀ ਇਕ ਪੱਤਰ ਲਿਖਿਆ, ਜਿਸ ਵਿਚ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਵੀਜ਼ਾ ਦੀ ਮਿਆਦ ਲਈ 455 ਡਾਲਰ ਦਾ ਚਾਰਜ ਮੁਆਫ਼ ਕਰਨ ਦੀ ਮੰਗ ਕੀਤੀ ਗਈ। ਪਿਛਲੇ ਕੁਝ ਹਫਤਿਆਂ ਵਿਚ ਬਹੁਤ ਸਾਰੇ ਭਾਰਤੀਆਂ ਨੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਸੰਪਰਕ ਕੀਤਾ ਸੀ ਅਤੇ ਆਪਣੀਆਂ ਚਿੰਤਾਵਾਂ ਦੱਸੀਆਂ ਸਨ। ਦੂਤਘਰ ਵੱਲੋਂ ਸਥਾਪਤ ਕੀਤੀ ਗਈ ਹੈਲਪਲਾਈਨ ਉੱਤੇ ਵੀ ਫੋਨ ਕਰਕੇ ਲੋਕਾਂ ਨੇ ਜਲਦੀ ਘਰ ਪਰਤਣ ਲਈ ਮਦਦ ਦੀ ਮੰਗ ਕੀਤੀ ਸੀ।


Lalita Mam

Content Editor

Related News