ਭਾਰਤੀ ਖਿਡਾਰੀਆਂ ਨੂੰ ਖੇਡ-ਵਿਸ਼ੇਸ਼ ਸਹਿਯੋਗੀ ਸਟਾਫ ਤੋਂ ਮਦਦ ਮਿਲੇਗੀ : IOA ਮੁਖੀ ਊਸ਼ਾ
Friday, May 10, 2024 - 08:35 PM (IST)
ਨਵੀਂ ਦਿੱਲੀ–ਭਾਰਤੀ ਓਲੰਪਿਕ ਸੰਘ (ਆਈ. ਓ.ਏ.) ਦੀ ਮੁਖੀ ਪੀ. ਟੀ. ਊਸ਼ਾ ਨੇ ਸ਼ੁੱਕਰਵਾਰ ਨੂੰ ਓਲੰਪਿਕ ਲਈ ਜਾਣ ਵਾਲੇ ਖਿਡਾਰੀਆਂ ਨੂੰ ਪੈਰਿਸ ਵਿਚ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਖਿਡਾਰੀਆਂ ਦੀਆਂ ਸਹੂਲਤਾਂ ਤੇ ਸਮੇਂ ਦੀ ਬੱਚਤ ਲਈ ਖੇਡ-ਵਿਸ਼ੇਸ਼ ਸਹਿਯੋਗੀ ਸਟਾਫ ਨੂੰ ਖੇਡ ਪਿੰਡ ਦੇ ਨੇੜੇ ਰੱਖਿਆ ਜਾਵੇਗਾ। ਪੈਰਿਸ ਵਿਚ ਭਾਰਤੀ ਐਥਲੀਟਾਂ ਤੇ ਸਹਿਯੋਗੀ ਸਟਾਫ ਦੇ ਪ੍ਰਬੰਧਾਂ ਨੂੰ ਆਖਰੀ ਰੂਪ ਦੇਣ ਤੋਂ ਬਾਅਦ ਭਾਰਤ ਪਰਤੀ ਊਸ਼ਾ ਨੇ ਕਿਹਾ ਕਿ ਆਈ. ਓ.ਏ. ਨੇ ਇਹ ਵੀ ਤੈਅ ਕੀਤਾ ਹੈ ਕਿ ਨਿਸ਼ਾਨੇਬਾਜ਼ ਤੇ ਗੋਲਫ ਖਿਡਾਰੀ ਆਪਣੇ-ਆਪਣੇ ਆਯੋਜਨ ਸਥਾਨਾਂ ਦੇ ਨੇੜੇ ਰਹਿਣ।
ਚੇਟੇਓਰੈਕਸ ਨਿਸ਼ਾਨੇਬਾਜ਼ੀ ਕੇਂਦਰ ਪੈਰਿਸ ਤੋਂ ਲੱਗਭਗ ਦੋ ਘੰਟੇ ਦੀ ਦੂਰੀ ’ਤੇ ਹੈ ਜਦਕਿ ਲੇ ਗੋਲਫ ਨੈਸ਼ਨਲ ਓਲੰਪਿਕ ਹੱਬ ਤੋਂ ਇਕ ਘੰਟੇ ਦੀ ਦੂਰੀ ’ਤੇ ਹੈ।
ਉਸ ਨੇ ਕਿਹਾ,‘‘ਅਸੀਂ ਐਥਲੀਟਾਂ ਦੇ ਖੇਡ ਪਿੰਡ ਤੋਂ ਥੋੜ੍ਹੀ ਦੂਰ ’ਤੇ ਕਈ ਖੇਡ-ਵਿਸ਼ੇਸ਼ ਸਹਿਯੋਗੀ ਮੈਂਬਰਾਂ ਲਈ ਨਿਵਾਸ ਸੁਰੱਖਿਅਤ ਕਰਨ ਵਿਚ ਸਮਰੱਥ ਹਾਂ। ਅਸੀਂ ਇਹ ਤੈਅ ਕਰਨਾ ਚਾਹੁੰਦੇ ਹਾਂ ਕਿ ਕੋਈ ਵੀ ਖਿਡਾਰੀ ਆਪਣੀ ਸਹਾਇਤਾ ਪ੍ਰਣਾਲੀ ਤੋਂ ਵਾਂਝਾ ਨਾ ਰਹੇ ਤੇ ਇਸ ਲਈ ਅਸੀਂ ਆਸ-ਪਾਸ ਦੇ ਖੇਤਰ ਵਿਚ ਅਪਾਰਟਮੈਂਟ ਬੁੱਕ ਕੀਤੇ ਹਨ।’’