ਅਮਰੀਕਾ ਦੇ ਬੋਸਟਨ 'ਚ ਹੋਵੇਗਾ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦਾ 'ਵਿਸ਼ੇਸ਼ ਜਸ਼ਨ'
Monday, Aug 08, 2022 - 02:39 PM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਸ਼ਹਿਰ ਬੋਸਟਨ ਵਿੱਚ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਵਿਸ਼ੇਸ਼ ਤਰੀਕੇ ਨਾਲ ਮਨਾਈ ਜਾਵੇਗੀ। ਇਸ 'ਚ 32 ਦੇਸ਼ ਹਿੱਸਾ ਲੈਣਗੇ ਅਤੇ ਸ਼ਹਿਰ 'ਤੇ ਹਵਾਈ ਜਹਾਜ਼ ਤੋਂ 220 ਫੁੱਟ ਲੰਬਾ ਅਮਰੀਕਾ-ਭਾਰਤ ਦਾ ਝੰਡਾ ਲਹਿਰਾਇਆ ਜਾਵੇਗਾ। 'ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ-ਨਿਊ ਇੰਗਲੈਂਡ' ਦੇ ਪ੍ਰਧਾਨ ਅਭਿਸ਼ੇਕ ਸਿੰਘ ਨੇ ਕਿਹਾ ਕਿ ਇਸ ਸਾਲ ਭਾਰਤ ਦੀ ਆਜ਼ਾਦੀ ਦੇ ਜਸ਼ਨ ਵਿੱਚ ਪਹਿਲੀ ਵਾਰ ਕਈ ਚੀਜ਼ਾਂ ਹੋਣਗੀਆਂ।
ਮੈਸੇਚਿਉਸੇਟਸ ਦੇ ਗਵਰਨਰ ਚਾਰਲੀ ਬੇਕਰ ਨੇ ਆਜ਼ਾਦੀ ਦਿਵਸ ਦੇ 75 ਸਾਲ ਨੂੰ 'ਭਾਰਤ ਦਿਵਸ' ਵਜੋਂ ਘੋਸ਼ਿਤ ਕੀਤਾ, ਜੋ 15 ਅਗਸਤ ਨੂੰ ਬੋਸਟਨ ਵਿੱਚ ਇੰਡੀਆ ਸਟਰੀਟ 'ਤੇ ਮਨਾਇਆ ਜਾਵੇਗਾ ਅਤੇ ਉਸ ਤੋਂ ਇੱਕ ਦਿਨ ਪਹਿਲਾਂ 14 ਅਗਸਤ ਨੂੰ ਰੋਡ ਆਈਲੈਂਡ ਦੇ ਸਟੇਟ ਹਾਊਸ ਵਿੱਚ ਮਨਾਇਆ ਜਾਵੇਗਾ। ਪਰੇਡ ਵਿੱਚ ਸਾਬਕਾ ਭਾਰਤੀ ਕ੍ਰਿਕਟਰ ਆਰਪੀ ਸਿੰਘ ਨੂੰ ਗ੍ਰੈਂਡ ਮਾਰਸ਼ਲ ਵਜੋਂ ਸੱਦਾ ਦਿੱਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ ‘ਚ ਹੋਇਆ ਦੂਜੀ ਸੰਸਾਰ ਜੰਗ 'ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਐਫਆਈਏ ਨਿਊ ਇੰਗਲੈਂਡ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਬੈਨਰ ਹੇਠ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦਾ ਜਸ਼ਨ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ 32 ਦੇਸ਼ਾਂ ਦੇ ਲੋਕ ਇੰਡੀਆ ਡੇਅ ਪਰੇਡ ਵਿੱਚ ਹਿੱਸਾ ਲੈਣ ਜਾ ਰਹੇ ਹਨ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਇਸ ਮੌਕੇ 'ਤੇ ਪਹਿਲਾਂ ਤੋਂ ਰਿਕਾਰਡ ਕੀਤਾ ਸੰਦੇਸ਼ ਭੇਜਿਆ ਹੈ। ਗੋਇਲ ਨੇ ਆਪਣੇ ਸੰਦੇਸ਼ 'ਚ ਕਿਹਾ, ਕਿ ਭਾਰਤ-ਅਮਰੀਕਾ ਸਬੰਧਾਂ ਨੇ ਲੰਬਾ ਸਫਰ ਤੈਅ ਕੀਤਾ ਹੈ। ਅੱਜ ਅਸੀਂ ਕੁਦਰਤੀ ਭਾਈਵਾਲ ਹਾਂ। ਅਸੀਂ ਦੋਸਤ ਹਾਂ ਅਤੇ ਅਸੀਂ ਬਹੁਤ ਮਹੱਤਵਪੂਰਨ ਸਹਿਯੋਗੀ ਹਾਂ। ਸਾਡੀ ਭਾਈਵਾਲੀ ਰਣਨੀਤਕ ਹੈ, ਬਹੁਤ ਡੂੰਘੀ ਹੈ ਅਤੇ ਇਸ ਦੇ ਮਹੱਤਵਪੂਰਨ ਮਾਪ ਹਨ।