ਸਪੀਕਰ ਓਮ ਬਿਰਲਾ ਵੱਲੋਂ ਕੈਨੇਡਾ ਵੱਸਦੇ ਭਾਰਤੀਆਂ ਨੂੰ ਭਾਰਤ ’ਚ ਨਿਵੇਸ਼ ਦਾ ਸੱਦਾ

01/13/2020 9:39:19 AM

ਟੋਰਾਂਟੋ, (ਕੰਵਲਜੀਤ ਸਿੰਘ ਕੰਵਲ)- ਬੀਤੀ ਸ਼ਾਮ ਇੱਥੋਂ ਦੇ ਹੋਟਲ ਹੋਲੀਡੇ ਇਨ ’ਚ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਜਨਰਲ ਵੱਲੋਂ ਭਾਰਤੀ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਅਤੇ ਉਨ੍ਹਾਂ ਦੇ ਨਾਲ ਕੈਨੇਡਾ ਆਏ ਇਕ ਉੱਚ ਪੱਧਰੀ ਵਫਦ ਦੇ ਸਵਾਗਤ ’ਚ ਇਕ ਸ਼ਾਨਦਾਰ ਰਾਤਰੀ ਭੋਜ ਦਾ ਆਯੋਜਿਤ ਕੀਤਾ ਗਿਆ। ਇਸ ਰਾਤਰੀ ਭੋਜ ’ਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਵੰਦੇ ਮਾਤਰਮ ਗੀਤ ਨਾਲ ਸ਼ੁਰੂ ਹੋਈ ਅਤੇ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਜਨਰਲ ਸ਼੍ਰੀਮਤੀ ਅਪੂਰਵਾ ਸ਼੍ਰੀਵਾਸਤਵ ਵੱਲੋਂ ਭਾਰਤੀ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੀ ਹਾਜ਼ਰੀਨ ਨਾਲ ਪਛਾਣ ਕਰਵਾਈ।

ਇਸ ਮੌਕੇ ਜੁੜੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਓਮ ਬਿਰਲਾ ਨੇ ਕੈਨੇਡਾ ਵੱਸਦੇ ਭਾਰਤੀਆਂ ਨੂੰ ਸੱਦਾ ਦਿੱਤਾ ਕਿ ਉਹ ਭਾਰਤ ’ਚ ਨਿਵੇਸ਼ ਕਰਨ ਕਿਉਂਕਿ ਭਾਰਤ ਇਸ ਸਮੇਂ ਦੁਨੀਆ ਦੀ ਇਕ ਵੱਡੀ ਤਾਕਤ ਬਣ ਕੇ ਉੱਭਰ ਰਿਹਾ ਹੈ ਅਤੇ ਇਹ ਸਮਾਂ ਹੈ ਦੁਨੀਆਂ ਦੀ ਇਸ ਸੱਭ ਤੋਂ ਵੱਡੀ ਜਮਹੂਰੀਅਤ ਦੀ ਰਹਿਨੁਮਾਈ ਹੇਠਲੀ ਇਕਾਨਮੀ ਨੂੰ ਮਜ਼ਬੂਤ ਕਰਨ ’ਚ ਆਪਣਾ ਯੋਗਦਾਨ ਪਾਈਏ।

ਦੋਹਾਂ ਮੁਲਕਾਂ ਦੇ ਸੁਖਾਵੇਂ ਆਪਸੀ ਸਬੰਧਾਂ ਦੀ ਮਜ਼ਬੂਤੀ ਲਈ ਨਿਵੇਸ਼ ਹੀ ਇਕ ਅਹਿਮ ਵਸੀਲਾ

ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਟੈਕਸ ਸਮੇਤ ਹਰ ਖੇਤਰ ’ਚ ਵੱਡੀਆਂ ਤਬਦੀਲੀਆਂ ਲਿਆਂਦੀਆਂ ਗਈਆਂ ਹਨ, ਜੋ ਮੌਜੂਦਾ ਸਿਸਟਮ ਨੂੰ ਸੌਖਾਲਾ ਕਰਨ ’ਚ ਆਪਣਾ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਆਪਣੇ ਮੁਲਕ ਤੋਂ ਬਾਹਰ ਲੱਖਾਂ ਭਾਰਤੀਆਂ ਨੇ ਕੈਨੇਡਾ ਦੀ ਧਰਤੀ ’ਤੇ ਹਰ ਖੇਤਰ ’ਚ ਕਾਮਯਾਬੀ ਦੇ ਝੰਡੇ ਬੁਲੰਦ ਕੀਤੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਕੈਨੇਡਾ ਅਤੇ ਭਾਰਤ ਦੁਨੀਆ ਦੀਆਂ ਦੋ ਵੱਡੀਆਂ ਜਮਹੂਰੀ ਤਾਕਤਾਂ ਅਤੇ ਦੋਹਾਂ ਮੁਲਕਾਂ ’ਚ ਮਲਟੀਕਲਚਰ ਲੋਕਾਂ ਦਾ ਹੋਣਾ ਕਈ ਗੱਲਾਂ ’ਚ ਸਾਂਝੀਵਾਲਤਾ ਹੈ। ਦੋਹਾਂ ਮੁਲਕਾਂ ਦੇ ਸੁਖਾਵੇਂ ਆਪਸੀ ਸਬੰਧਾਂ ਦੀ ਮਜ਼ਬੂਤੀ ਲਈ ਨਿਵੇਸ਼ ਹੀ ਇਕ ਅਹਿਮ ਵਸੀਲਾ ਹੈ।

ਟੋਰਾਂਟੋ-ਅੰਮ੍ਰਿਤਸਰ ਸਿੱਧੀ ਉਡਾਣ ਤੁਰੰਤ ਚਾਲੂ ਕਰਨ ਦੇ ਹੋਣ ਪ੍ਰਬੰਧ : ਔਜਲਾ

ਇਸ ਮੌਕੇ ਇਸ ਵਫਦ ਨਾਲ ਪੁੱਜੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕੈਨੇਡਾ ਸਰਕਾਰ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਪੰਜਾਬੀਆਂ ਦੀ ਚਿਰਾਂ ਤੋਂ ਲਟਕਦੀ ਆ ਰਹੀ ਮੰਗ ਟੋਰਾਂਟੋ ਅੰਮ੍ਰਿਤਸਰ ਸਿੱਧੀ ਉਡਾਣ ਨੂੰ ਤੁਰੰਤ ਚਾਲੂ ਕਰਨ ਦੇ ਪ੍ਰਬੰਧ ਕੀਤੇ ਜਾਣ ਤਾਂ ਕਿ ਵਿਦੇਸ਼ਾਂ ਤੋਂ ਜਾਣ ਵਾਲਾ ਸਿੱਖ ਭਾਈਚਾਰਾ ਦਿੱਲੀ ਏਅਰਪੋਰਟ ’ਤੇ ਖੱਜਲ ਨਾ ਹੋਵੇ ਅਤੇ ਉਹ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕੇ।

 


Related News