2010-19 ਸਭ ਤੋਂ ਗਰਮ ਦਹਾਕਾ, ਸਮੁੰਦਰੀ ਪਾਣੀ ਹੋਇਆ ਤੇਜ਼ਾਬੀ : WMO
Wednesday, Dec 04, 2019 - 12:15 PM (IST)

ਮੈਡ੍ਰਿਡ (ਬਿਊਰੋ): ਵਿਸ਼ਵ ਮੌਸਮ ਵਿਗਿਆਨ ਸੰਗਠਨ (World Meteorological Organization, WMO) ਨੇ ਮੰਗਲਵਾਰ ਨੂੰ ਆਪਣੀ ਸਾਲਾਨਾ ਰਿਪੋਰਟ ਜਾਰੀ ਕੀਤੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਲ 2010-19 ਦਾ ਦਹਾਕਾ ਇਤਿਹਾਸ ਵਿਚ ਸਭ ਤੋਂ ਗਰਮ ਰਿਹਾ। 40 ਸਾਲ ਵਿਚ ਇਸ ਦਹਾਕੇ ਨੇ ਗਰਮੀ ਦੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਸਾਲ ਗਲੋਬਲ ਤਾਪਮਾਨ ਉਦਯੋਗੀਕਰਨ ਤੋਂ ਪਹਿਲਾਂ ਦੇ ਦੌਰ ਦੀ ਤੁਲਨਾ ਵਿਚ 1.1 ਡਿਗਰੀ ਸੈਲਸੀਅਸ ਵਧਿਆ ਹੈ। ਵੱਧਦੀ ਕਾਰਬਨ ਨਿਕਾਸੀ ਨੂੰ ਇਸ ਦਾ ਮੁੱਖ ਕਾਰਨ ਮੰਨਦਿਆਂ ਚਿਤਾਵਨੀ ਦਿੱਤੀ ਗਈ ਹੈ ਕਿ ਇਸ ਨਾਲ ਤਾਪਮਾਨ ਵਿਚ ਹੋਰ ਵਾਧਾ ਹੋਵੇਗਾ ਅਤੇ ਇਹ ਸਥਿਤੀ ਧਰਤੀ ਲਈ ਬਹੁਤ ਖਤਰਨਾਕ ਸਾਬਤ ਹੋ ਸਕਦੀ ਹੈ। ਸਮੁੰਦਰਾਂ ਦਾ ਤਾਪਮਾਨ ਅਤੇ ਉਸ ਦਾ ਪੱਧਰ ਵੀ ਰਿਕਾਰਡ ਪੱਧਰ 'ਤੇ ਵਧਿਆ ਹੈ।
ਦੁਨੀਆ ਦੇ ਸਮੁੰਦਰ 150 ਸਾਲ ਪਹਿਲਾਂ ਦੀ ਤੁਲਨਾ ਵਿਚ 26 ਫੀਸਦੀ ਤੇਜ਼ਾਬੀ ਹੋ ਗਏ ਹਨ, ਜਿਸ ਕਾਰਨ ਲੋਕਾਂ ਦੇ ਭੋਜਨ ਅਤੇ ਨੌਕਰੀਆਂ 'ਤੇ ਅਸਰ ਪੈ ਸਕਦਾ ਹੈ। ਡਬਲਊ.ਐੱਮ.ਓ. ਦੇ ਜਨਰਲ ਸਕੱਤਰ ਪੇਟਰੀ ਤਲਾਸ ਨੇ ਕਿਹਾ,''ਇਕ ਹੋਰ ਸਾਲ, ਇਕ ਹੋਰ ਰਿਕਾਰਡ। ਸਾਲ 2015 ਵਿਚ ਅਸੀਂ ਜਿਹੜਾ ਸਭ ਤੋਂ ਉੱਚਾ ਤਾਪਮਾਨ ਰਿਕਾਰਡ ਦਰਜ ਕੀਤਾ ਸੀ ਉਹ 2020 ਵਿਚ ਟੁੱਟਣ ਵਾਲਾ ਹੈ। ਲੂ, ਹੜ੍ਹ, ਸੋਕਾ ਅਤੇ ਚੱਕਰਵਾਤ ਦੀਆਂ ਘਟਨਾਵਾਂ ਪਹਿਲਾਂ ਸਦੀਆਂ ਤੱਕ ਨਹੀਂ ਹੁੰਦੀਆਂ ਸਨ ਪਰ ਵੱਧਦੀ ਕਾਰਬਨ ਨਿਕਾਸੀ ਅਤੇ ਗ੍ਰੀਨ ਹਾਊਸ ਗੈਸਾਂ ਦੇ ਕਾਰਨ ਤਾਪਮਾਨ ਵੱਧਣ ਨਾਲ ਆਏ ਦਿਨ ਇਸ ਦੇ ਮਾੜੇ ਨਤੀਜੇ ਦੇਖਣ ਨੂੰ ਮਿਲ ਰਹੇ ਹਨ। ਯੂਰਪ, ਆਸਟ੍ਰੇਲੀਆ ਅਤੇ ਜਾਪਾਨ ਵਿਚ ਲੂ, ਦੱਖਣੀ ਅਫਰੀਕਾ ਵਿਚ ਮਹਾਤੂਫਾਨ, ਆਸਟ੍ਰੇਲੀਆ, ਕੈਲੀਫੋਰਨੀਆ ਦੇ ਜੰਗਲਾਂ ਵਿਚ ਅੱਗ ਦੀਆਂ ਘਟਨਾਵਾਂ ਇਸ ਦਾ ਤਾਜ਼ਾ ਉਦਾਹਰਨ ਹਨ।''
ਬੀਤੇ 40 ਸਾਲਾਂ ਵਿਚ ਹਰ ਸਾਲ ਪਿਛਲੇ ਸਾਲ ਤੋਂ ਵੱਧ ਗਰਮ ਰਿਹਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਸਾਲ ਦੇ ਅਖੀਰ ਤੱਕ ਮੌਸਮ ਵਿਚ ਤਬਦੀਲੀ ਕਾਰਨ ਵਿਸਥਾਪਿਤ ਹੋਣ ਵਾਲਿਆਂ ਦੀ ਗਿਣਤੀ 2.2 ਕਰੋੜ ਪਹੁੰਚ ਸਕਦੀ ਹੈ। ਇੱਧਰ ਸੰਯੁਕਤ ਰਾਸ਼ਟਰ ਨੇ ਪਿਛਲੇ ਹਫਤੇ ਜਾਰੀ ਬਿਆਨ ਵਿਚ ਕਿਹਾ ਕਿ ਦੁਨੀਆ ਨੂੰ ਕਾਰਬਨ ਨਿਕਾਸੀ ਵਿਚ ਹਰੇਕ ਸਾਲ 7.6 ਫੀਸਦੀ ਦੀ ਕਟੌਤੀ ਦੀ ਲੋੜ ਹੈ। ਜੇਕਰ ਅਜਿਹਾ ਨਾ ਹੋਇਆ ਤਾਂ 2030 ਤੱਕ ਤਾਪਮਾਨ 1.5 ਡਿਗਰੀ ਵੱਧ ਸਕਦਾ ਹੈ ਅਤੇ ਇਹ ਸਭ ਤੋਂ ਭਿਆਨਕ ਸਥਿਤੀ ਹੋਵੇਗੀ।
ਡਬਲਊ. ਐੱਮ.ਓ. ਨੇ ਕਿਹਾ ਕਿ ਜਲਵਾਯੂ ਤਬਦੀਲੀ ਦਾ ਹੀ ਅਸਰ ਹੈ ਕਿ ਭਾਰਤ ਵਿਚ ਮਾਨਸੂਨ ਦਾ ਆਉਣਾ ਅਤੇ ਜਾਣਾ ਦੇਰੀ ਨਾਲ ਹੋਇਆ। ਜੂਨ ਦੇ ਮਹੀਨੇ ਵਿਚ ਮੀਂਹ ਵਿਚ ਭਾਰੀ ਕਮੀ ਰਹੀ ਜਦਕਿ ਅਗਲੇ ਮਹੀਨੇ ਵਿਚ ਭਾਰੀ ਮੀਂਹ ਪਿਆ। ਇਸ ਦੇ ਇਲਾਵਾ ਮੱਧ ਅਮਰੀਕਾ, ਉੱਤਰੀ ਕੈਨੇਡਾ, ਉੱਤਰੀ ਰੂਸ ਅਤੇ ਦੱਖਣ-ਪੱਛਮ ਏਸ਼ੀਆ ਵਿਚ ਅਸਧਾਰਨ ਮੀਂਹ ਪਿਆ। ਇਸ ਕਾਰਨ ਇਨ੍ਹਾਂ ਇਲਾਕਿਆਂ ਵਿਚ ਲਗਾਤਾਰ ਹੜ੍ਹ ਆ ਰਹੇ ਹਨ। ਇਸ ਦੇ ਉਲਟ ਇੰਡੋਨੇਸ਼ੀਆ-ਆਸਟ੍ਰੇਲੀਆ ਵਿਚ ਭਿਆਨਕ ਸੋਕਾ ਰਿਹਾ।
ਦੁਨੀਆ ਦੇ ਕਈ ਹਿੱਸਿਆਂ ਵਿਚ ਭਿਆਨਕ ਗਰਮੀ ਪਈ ਅਤੇ ਲੂ ਕਾਰਨ ਲੋਕਾਂ ਦੀ ਮੌਤ ਵੀ ਹੋਈ। ਫਰਾਂਸ ਵਿਚ 28 ਜੂਨ ਨੂੰ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਹ ਔਸਤ ਤੋਂ ਲੱਗਭਗ 2 ਡਿਗਰੀ ਸੈਲਸੀਅਸ ਤੱਕ ਵੱਧ ਸੀ। ਜਰਮਨੀ ਵਿਚ ਵੀ ਇਸ ਸਾਲ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਤਾਪਮਾਨ ਵੱਧ ਕੇ 42.6 ਡਿਗਰੀ ਸੈਲਸੀਅਸ ਤੱਕ ਰਿਕਾਰਡ ਕੀਤਾ ਗਿਆ। ਨੀਦਰਲੈਂਡ ਵਿਚ ਵੀ ਰਿਕਾਰਡ 41 ਡਿਗਰੀ, ਬੈਲਜੀਅਮ ਵਿਚ 42 ਡਿਗਰੀ ਅਤੇ ਲਗਜ਼ਮਬਰਗ ਵਿਚ ਲੱਗਭਗ 41 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਸਾਲ 2019 ਇਤਿਹਾਸ ਵਿਚ ਦੂਜੇ ਜਾਂ ਤੀਜੇ ਸਭ ਤੋਂ ਗਰਮ ਸਾਲ ਦੇ ਤੌਰ 'ਤੇ ਦਰਜ ਹੋ ਸਕਦਾ ਹੈ।