ਦੱਖਣੀ-ਪੂਰਬੀ ਏਸ਼ੀਆ ਅਤੇ ਹਿੰਦ-ਪ੍ਰਸ਼ਾਂਤ ਖੇਤਰ ਦੁਨੀਆ ਦਾ ਭਵਿੱਖ ਤੈਅ ਕਰਨਗੇ: ਕਮਲਾ ਹੈਰਿਸ
Monday, Aug 23, 2021 - 04:44 PM (IST)
ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨਾਲ ਮੁਲਾਕਾਤ ਮਗਰੋਂ ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਦੱਖਣੀ ਪੂਰਬੀ ਏਸ਼ੀਆ ਅਤੇ ਹਿੰਦ-ਪ੍ਰਸ਼ਾਂਤ ਖੇਤਰ ਦੁਨੀਆ ਦਾ ਭਵਿੱਖ ਤੈਅ ਕਰਨਗੇ। ਦੱਖਣੀ ਪੂਰਬੀ ਏਸ਼ੀਆ ਨਾਲ ਅਮਰੀਕਾ ਦੀ ਸਾਂਝੇਦਾਰੀ ਵਧਾਉਣ ਦੇ ਉਦੇਸ਼ ਨਾਲ ਉਹ ਇਸ ਖੇਤਰ ਦੀ ਯਾਤਰਾ ’ਤੇ ਹਨ।
ਲੀ ਨਾਲ ਇੱਥੇ ਸੰਯੁਕਤ ਪੱਤਰਕਾਰ ਸੰਮੇਲਨ ਵਿਚ ਹੈਰਿਸ ਨੇ ਕਿਹਾ ਕਿ ਅਮਰੀਕਾ ਨੇ ਸਿੰਗਾਪੁਰ ਅਤੇ ਦੱਖਣੀ ਪੂਰਬੀ ਏਸ਼ੀਆ ਨਾਲ ਜੋ ਸਮਝੌਤੇ ਕੀਤੇ ਹਨ, ਉਹ ਦੁਨੀਆ ਭਰ ਵਿਚ ਉਸ ਦੀ ਤਾਕਤ ਅਤੇ ਸਥਾਈ ਸਬੰਧਾਂ ਦਾ ਸਬੂਤ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਅਜਿਹੀਆਂ ਤਰਜੀਹਾਂ ਨਹੀਂ ਹਨ, ਜਿਨ੍ਹਾਂ ਦਾ ਸਬੰਧ ਅਮਰੀਕਾ ਦੀ ਸੁਰੱਖਿਆ ਅਤੇ ਆਰਥਿਕ ਹਿੱਤਾਂ ਨਾਲ ਹੈ, ਸਗੋਂ ਉਨ੍ਹਾਂ ਦਾ ਸਬੰਧ ਉਨ੍ਹਾਂ ਚੁਣੌਤੀਆਂ ਨਾਲ ਹੈ, ਜਿਨ੍ਹਾਂ ਨਾਲ ਦੁਨੀਆ ਜੂਝ ਰਹੀ ਹੈ, ਜਿਵੇਂ ਭਵਿੱਖ ਦੀਆਂ ਮਹਾਮਾਰੀਆਂ ਅਤੇ ਅਜਿਹੇ ਵਿਚ ਇਨ੍ਹਾਂ ਦੇਸ਼ਾਂ ਨਾਲ ਮਿਲ ਕੇ ਖ਼ੋਜ ਕਰਨ ਅਤੇ ਉਨ੍ਹਾਂ (ਮਹਾਮਾਰੀਆਂ ਨੂੰ) ਰੋਕਣ ਲਈ ਕੀ ਕਰ ਸਕਦੇ ਹਾਂ।
ਹੈਰਿਸ ਨੇ ਕਿਹਾ, ‘ਇਹ ਇਕ ਅਜਿਹਾ ਸਬੰਧ ਹੈ ਜੋ ਸਾਡੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਅਤੇ ਮੌਕਿਆਂ ਦੋਵਾਂ ਦੇ ਸੰਦਰਭ ਵਿਚ ਇਕ ਸਾਂਝੇ ਦ੍ਰਿਸ਼ਟੀਕੋਣ ’ਤੇ ਆਧਾਰਿਤ ਹੈ। ਇਹ ਸਾਡੀ ਆਪਣੀ ਵਚਨਬੱਧਤਾ, ਉਤਸੁਕਤਾ ਅਤੇ ਦਿਲਚਸਪੀ ਦੇ ਸਬੰਧ ਵਿਚ ਭਵਿੱਖ ਨੂੰ ਲੈ ਕੇ ਹੈ।’ ਉਪ ਰਾਸ਼ਟਰਪਤੀ ਐਤਵਾਰ ਨੂੰ ਇੱਥੇ ਪੁੱਜੀ ਅਤੇ ਸਿੰਗਾਪੁਰ ਦੇ ਰਾਸ਼ਟਰਪਤੀ ਮਹਿਲ ‘ਇਸਤਾਨਾ’ ਵਿਚ ਅੱਜ ਉਨ੍ਹਾਂ ਦਾ ਰਸਮੀ ਸੁਆਗਤ ਕੀਤਾ ਗਿਆ। ਹੈਰਿਸ ਦੀ ਸਿੰਗਾਪੁਰ ਯਾਤਰਾ ਦੱਖਣੀ ਪੂਰਬੀ ਏਸ਼ੀਆ ਵਿਚ ਬਾਈਡੇਨ ਪ੍ਰਸ਼ਾਸਨ ਦੀ ਹਮਲਾਵਰ ਕੂਟਨੀਤੀ ਦਾ ਹਿੱਸਾ ਹੈ, ਕਿਉਂਕਿ ਇਹ ਇਕ ਅਜਿਹਾ ਖੇਤਰ ਹੈ ਜੋ ਇਸ ਖੇਤਰ ਵਿਚ ਚੀਨ ਦੀ ਵੱਧਦੀ ਹਮਲਾਵਰ ਕਾਰਵਾਈ ਦਰਮਿਆਨ ਅਮਰੀਕਾ ਦੀ ਭਵਿੱਖ ਦੀ ਖ਼ੁਸ਼ਹਾਲੀ ਅਤੇ ਸੁਰੱਖਿਆ ਲਈ ਅਹਿਮ ਹੈ।