ਦੱਖਣੀ ਸੂਡਾਨ ਦੇ ਨੇਤਾ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਊਰਜਾ, ਵਪਾਰ ''ਚ ਨਜ਼ਦੀਕੀ ਸਬੰਧਾਂ ਬਾਰੇ ਕੀਤੀ ਚਰਚਾ
Friday, Sep 29, 2023 - 03:11 PM (IST)

ਜੁਬਾ/ਦੱਖਣੀ ਸੂਡਾਨ (ਭਾਸ਼ਾ)- ਦੱਖਣੀ ਸੂਡਾਨ ਦੇ ਰਾਸ਼ਟਰਪਤੀ ਸਾਲਵਾ ਕੀਰ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਦੌਰਾਨ ਦੋਵਾਂ ਦੇਸ਼ਾਂ ਦਰਮਿਆਨ ਊਰਜਾ, ਵਪਾਰ ਅਤੇ ਹੋਰ ਖੇਤਰਾਂ (ਖ਼ਾਸਕਰ ਤੇਲ) ਵਿੱਚ ਸਬੰਧਾਂ ਨੂੰ ਵਧਾਉਣ ਲਈ ਸਹਿਮਤੀ ਪ੍ਰਗਟਾਈ ਹੈ। ਕੀਰ ਅਤੇ ਪੁਤਿਨ ਨੇ ਵੀਰਵਾਰ ਨੂੰ ਮਾਸਕੋ ਵਿਚ ਮੁਲਾਕਾਤ ਕੀਤੀ ਅਤੇ ਦੱਖਣੀ ਸੂਡਾਨ ਵਿਚ ਰਾਜਨੀਤਿਕ ਅਤੇ ਸੁਰੱਖਿਆ ਮਾਮਲਿਆਂ 'ਤੇ ਵੀ ਚਰਚਾ ਕੀਤੀ। ਦੱਖਣੀ ਸੂਡਾਨ ਦਸੰਬਰ 2024 ਵਿੱਚ ਆਪਣੀਆਂ ਪਹਿਲੀਆਂ ਰਾਸ਼ਟਰਪਤੀ ਚੋਣਾਂ ਦੀ ਤਿਆਰੀ ਕਰ ਰਿਹਾ ਹੈ।
ਸੂਡਾਨ ਤੋਂ 2011 ਵਿੱਚ ਆਜ਼ਾਦੀ ਤੋਂ ਬਾਅਦ ਕੀਰ ਦੇਸ਼ ਦੀ ਅਗਵਾਈ ਕਰ ਰਹੇ ਹਨ। ਕ੍ਰੇਮਲਿਨ ਵੱਲੋਂ ਆਨਲਾਈਨ ਸਾਂਝੇ ਕੀਤੇ ਗਏ ਦੋਵਾਂ ਨੇਤਾਵਾਂ ਦੇ ਜਨਤਕ ਬਿਆਨ ਦੀ ਇੱਕ ਵੀਡੀਓ ਅਨੁਸਾਰ, ਪੁਤਿਨ ਨੇ ਕਿਹਾ ਕਿ ਰੂਸੀ ਕੰਪਨੀਆਂ ਦੀ ਭਾਗੀਦਾਰੀ ਨਾਲ ਦੱਖਣੀ ਸੂਡਾਨ ਵਿੱਚ ਤੇਲ ਰਿਫਾਇਨਰੀਆਂ ਦੇ ਵਿਕਾਸ ਸਬੰਧ ਮਜ਼ਬੂਤ ਹੋਣਗੇ। ਪੁਤਿਨ ਨੇ ਕਿਹਾ, "ਇਹ ਸਿਰਫ਼ ਸ਼ੁਰੂਆਤ ਹੈ। ਸਾਡੇ ਕੋਲ ਊਰਜਾ ਸਮੇਤ ਵੱਖ-ਵੱਖ ਖੇਤਰਾਂ ਵਿੱਚ ਬਹੁਤ ਸਾਰੇ ਚੰਗੇ ਮੌਕੇ ਹਨ।"
ਵਰਤਮਾਨ ਵਿੱਚ, ਰੂਸ ਦਾ ਸਫੀਨਾਟ ਸਮੂਹ ਦੱਖਣੀ ਸੂਡਾਨ ਦੇ ਯੂਨਿਟੀ ਰਾਜ ਵਿਚ ਇੱਕ ਤੇਲ ਰਿਫਾਇਨਰੀ 'ਤੇ ਕੰਮ ਕਰ ਰਿਹਾ ਹੈ। ਰੂਸ ਨੇ ਦੱਖਣੀ ਸੂਡਾਨ ਦੇ ਰਾਸ਼ਟਰਪਤੀ ਕੀਰ ਨੂੰ ਸੱਦਾ ਅਜਿਹੇ ਸਮੇਂ ਭੇਜਿਆ ਹੈ ਜਦੋਂ ਵਿਸ਼ਵ ਸ਼ਕਤੀਆਂ ਯੂਕ੍ਰੇਨ 'ਤੇ ਰੂਸ ਦੇ ਹਮਲੇ ਨੂੰ ਲੈ ਕੇ ਸਮਰਥਨ ਲਈ ਅਫਰੀਕੀ ਦੇਸ਼ਾਂ ਤੱਕ ਪਹੁੰਚ ਕਰ ਰਹੀਆਂ ਹਨ। ਇੱਥੇ ਬੀਤੇ 5 ਸਾਲਾਂ ਤੋਂ ਚੱਲ ਰਹੇ ਗ੍ਰਹਿ ਯੁੱਧ ਨੂੰ ਖਤਮ ਕਰਨ ਅਤੇ ਚੋਣਾਂ ਦੀ ਤਿਆਰੀ ਲਈ 2018 ਵਿੱਚ ਦਸਤਖਤ ਕੀਤੇ ਗਏ ਸ਼ਾਂਤੀ ਸਮਝੌਤੇ ਨੂੰ ਹੋਰ ਤੇਜ਼ੀ ਨਾਲ ਲਾਗੂ ਕਰਨ ਲਈ ਦੱਖਣੀ ਸੂਡਾਨ 'ਤੇ ਅਮਰੀਕਾ ਅਤੇ ਹੋਰ ਸਹਿਯੋਗੀਆਂ ਦਾ ਦਬਾਅ ਹੈ।