ਉੱਤਰ ਕੋਰੀਆਈ ਫ਼ੌਜੀਆਂ ਦੇ ਸਰਹੱਦ ਪਾਰ ਕਰਨ ''ਤੇ ਦੱਖਣੀ ਕੋਰੀਆ ਦੇ ਜਵਾਨਾਂ ਨੇ ਚਲਾਈਆਂ ਗੋਲੀਆਂ

Tuesday, Jun 18, 2024 - 02:06 PM (IST)

ਸਿਓਲ (ਏਜੰਸੀ)- ਦੱਖਣ ਕੋਰੀਆ ਦੇ ਸੈਨਿਕਾਂ ਨੇ ਮੰਗਲਵਾਰ ਨੂੰ ਉੱਤਰ ਕੋਰੀਆ ਦੇ ਜਵਾਨਾਂ ਵਲੋਂ ਜ਼ਮੀਨੀ ਸਰਹੱਦ ਪਾਰ ਕੀਤੇ ਜਾਣ ਤੋਂ ਬਾਅਦ ਚਿਤਾਵਨੀ ਵਜੋਂ ਗੋਲੀਆਂ ਚਲਾਈਆਂ। ਇਹ ਜਾਣਕਾਰੀ ਦਿੰਦੇ ਹੋਏ ਦੱਖਣੀ ਕੋਰੀਆਈ ਫ਼ੌਜ ਨੇ ਕਿਹਾ ਕਿ ਇਸ ਮਹੀਨੇ ਘੁਸਪੈਠ ਦੀ ਇਹ ਦੂਜੀ ਘਟਨਾ ਹੈ। ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ਼ ਨੇ ਦੱਸਿਆ ਕਿ ਲਗਭਗ 20 ਤੋਂ 30 ਫ਼ੌਜੀ ਸਰਹੱਦ ਦੇ ਉੱਤਰੀ ਸਿਰੇ 'ਤੇ ਕਿਸੇ ਤਰ੍ਹਾਂ ਦੇ ਨਿਰਮਾਣ ਕਾਰਜ 'ਚ ਲੱਗੇ ਹੋਏ ਸਨ ਅਤੇ ਸਵੇਰੇ 8:30 ਵਜੇ ਦੋਹਾਂ ਦੇਸ਼ਾਂ ਨੂੰ ਵੱਖ ਕਰਨ ਵਾਲੀ ਫੌਜੀ ਸਰਹੱਦ ਪਾਰ ਕਰ ਲਈ। ਫ਼ੌਜ ਨੇ ਕਿਹਾ ਕਿ ਦੱਖਣੀ ਕੋਰੀਆ ਦੇ ਫ਼ੌਜੀਆਂ ਨੇ ਪਹਿਲਾਂ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਅਤੇ ਫਿਰ ਚਿਤਾਵਨੀ ਵਜੋਂ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਉੱਤਰੀ ਕੋਰੀਆ ਦੇ ਫ਼ੌਜੀ ਪਿੱਛੇ ਹਟ ਗਏ।

ਇਸ ਨੇ ਦੱਸਿਆ ਕਿ ਇਸ ਤੋਂ ਬਾਅਦ ਦੱਖਣ ਕੋਰੀਆ ਦੀ ਫ਼ੌਜ ਨੇ ਕੋਈ ਸ਼ੱਕੀ ਗਤੀਵਿਧੀ ਨਹੀਂ ਦੇਖੀ। ਇਸ ਤੋਂ ਪਹਿਲੇ, ਇਸੇ ਮਹੀਨੇ ਦੀ 11 ਤਾਰੀਖ਼ ਨੂੰ ਵੀ ਉੱਤਰ ਕੋਰੀਆਈ ਫ਼ੌਜੀਆਂ ਦੇ ਇਕ ਹੋਰ ਸਮੂਹ ਨੇ ਸਰਹੱਦ ਪਾਰ ਕੀਤੀ ਸੀ ਅਤੇ ਉਸ ਸਮੇਂ ਵੀ ਦੱਖਣ ਕੋਰੀਆਈ ਜਵਾਨਾਂ ਨੇ ਚਿਤਾਵਨੀ ਵਜੋਂ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਪਿੱਛੇ ਹਟਣ ਲਈ ਮਜ਼ਬੂਰ ਕੀਤਾ ਸੀ। ਦੱਖਣ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ਼ ਨੇ ਦੱਸਿਆ ਕਿ ਮੰਗਲਵਾਰ ਦੀ ਇਹ ਘਟਨਾ ਕੇਂਦਰੀ ਸਰਹੱਦੀ ਖੇਤਰ ਦੇ ਇਕ ਹੋਰ ਖੇਤਰ 'ਚ ਹੋਈ। ਉਸ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ 'ਤੇ ਭਰੋਸਾ ਨਹੀਂ ਹੋ ਰਿਹਾ ਹੈ ਕਿ ਉੱਤਰੀ ਕੋਰੀਆਈ ਫ਼ੌਜੀਆਂ ਨੇ ਪਹਿਲੇ ਜਾਣਬੁੱਝ ਕੇ ਸਰਹੱਦ ਪਾਰ ਕੀਤੀ ਅਤੇ ਉਨ੍ਹਾਂ ਨੇ ਜਵਾਬੀ ਗੋਲੀਬਾਰੀ ਤੱਕ ਨਹੀਂ ਕੀਤੀ। ਦੱਖਣ ਕੋਰੀਆ ਦੀ ਫ਼ੌਜ ਨੇ ਦੱਸਿਆ ਕਿ ਉੱਤਰ ਕੋਰੀਆ ਦੇ ਸਰਹੱਦੀ ਖੇਤਰਾਂ 'ਚ ਨਿਰਮਾਣ ਗਤੀਵਿਧੀਆਂ 'ਚ ਤੇਜ਼ੀ ਆਈ ਹੈ। ਇਨ੍ਹਾਂ ਖੇਤਰਾਂ 'ਚ ਐਂਟੀ ਟੈਂਕ ਬੈਰੀਅਰ ਸਥਾਪਤ ਕਰਨਾ, ਸੜਕਾਂ ਨੂੰ ਮਜ਼ਬੂਤ ਕਰਨਾ ਅਤੇ ਬਾਰੂਦੀ ਸੁਰੰਗਾਂ ਬਣਾਉਣ ਵਰਗੀਆਂ ਗਤੀਵਿਧੀਆਂ ਦੇਖੀਆਂ ਜਾ ਸਕਦੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News