ਪਾਕਿ ''ਚ ਚੋਟੀ ਫਤਹਿ ਕਰ ਕੇ ਵਾਪਸ ਉੱਤਰ ਰਿਹਾ ਦੱਖਣੀ ਕੋਰੀਆਈ ਪਰਬਤਾਰੋਹੀ ਲਾਪਤਾ

Tuesday, Jul 20, 2021 - 05:44 PM (IST)

ਇਸਲਾਮਾਬਾਦ (ਭਾਸ਼ਾ): ਦੱਖਣੀ ਕੋਰੀਆ ਦਾ ਇਕ ਮਸ਼ਹੂਰ ਪਰਬਤਾਰੋਹੀ, ਪਾਕਿਸਤਾਨ ਸਥਿਤ ਇਕ ਪਰਬਤ ਚੋਟੀ 'ਤੇ ਚੜ੍ਹਾਈ ਕਰਨ ਮਗਰੋਂ ਵਾਪਸ ਉਤਰਨ ਦੌਰਾਨ ਖਰਾਬ ਮੌਸਮ ਕਾਰਨ ਖੱਡ ਵਿਚ ਡਿੱਗ ਪਿਆ, ਜਿਸ ਮਗਰੋਂ ਉਹ ਲਾਪਤਾ ਹੈ। ਇਕ ਪਰਬਤਾਰੋਹਨ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਅਲਪਾਇਨ ਕਲੱਬ ਦੇ ਸਕੱਤਰ ਕਰਾਰ ਹੈਦਰੀ ਨੇ ਦੱਸਿਆ ਕਿ ਐਤਵਾਰ ਨੂੰ ਉੱਤਰੀ ਕਾਰਾਕੋਰਮ ਪਰਬਤ ਲੜੀ ਵਿਚ 8,047 ਮੀਟਰ ਦੀ ਉੱਚਾਈ 'ਤੇ ਸਥਿਤ 'ਬ੍ਰਾਡ-ਪੀਕ' ਚੋਟੀ 'ਤੇ ਚੜ੍ਹਨ ਮਗਰੋਂ ਕਿਮ ਹੋਂਗ ਬਿਨ ਹੇਠਾਂ ਉਤਰ ਰਹੇ ਸਨ, ਉਦੋਂ ਉਹ ਹਾਦਸੇ ਦੇ ਸ਼ਿਕਾਰ ਹੋ ਗਏ। 

ਇਸ ਚੋਟੀ 'ਤੇ ਚੜ੍ਹਨ ਦੇ ਨਾਲ ਹੀ 57 ਸਾਲਾ ਕਿਮ, ਵਿਸ਼ਵ ਦੀਆਂ ਸਾਰੀਆਂ ਉੱਚੀਆਂ ਚੋਟੀਆਂ 'ਤੇ ਚੜ੍ਹਨ ਦਾ ਰਿਕਾਰਡ ਬਣਾ ਚੁੱਕੇ ਸਨ। ਅਜਿਹਾ ਕਰਨ ਵਾਲੇ ਉਹ ਵਿਸ਼ਵ ਦੇ ਪਹਿਲੇ ਅਪਾਹਜ਼ ਵਿਅਕਤੀ ਹਨ। ਸਾਲ 1991 ਵਿਚ ਅਲਾਸਕਾ ਵਿਚ ਚੜ੍ਹਾਈ ਦੌਰਾਨ ਉਹ 'ਫਾਸਟਬਾਈਟ' ਦਾ ਸ਼ਿਕਾਰ ਹੋ ਗਏ ਸਨ ਅਤੇ ਉਹਨਾਂ ਨੂੰ ਆਪਣੀਆਂ ਸਾਰੀਆਂ ਉਂਗਲਾਂ ਗਵਾਉਣੀਆਂ ਪਈਆਂ ਸਨ। ਹੈਦਰ ਮੁਤਾਬਕ ਐਤਵਾਰ ਨੂੰ ਹੋਰ ਪਰਬਤਾਰੋਹੀਆਂ ਨਾਲ ਚੋਟੀ ਤੋਂ ਉਤਰਨ ਦੌਰਾਨ ਕਿਮ ਤਿਲਕ ਗਏ ਅਤੇ ਪਰਬਤ ਤੋਂ ਚੀਨ ਵੱਲ ਡਿਗ ਪਏ।ਅਧਿਕਾਰੀ ਨੇ ਕਿਹਾ ਕਿ ਇਸ ਮਗਰੋਂ ਉਹਨਾਂ ਦਾ ਕੋਈ ਪਤਾ ਨਹੀਂ ਚੱਲਿਆ ਹੈ। 

ਪੜ੍ਹੋ ਇਹ ਅਹਿਮ ਖਬਰ - ਪਾਕਿ ਨੇ FATF ਦੀ ਪਹਿਲੀ ਕਾਰਜ ਯੋਜਨਾ 'ਤੇ ਕੀਤੀ ਮਹੱਤਵਪੂਰਨ ਤਰੱਕੀ

ਉਹਨਾਂ ਨੇ ਕਿਹਾ ਕਿ ਬਚਾਅ ਕੰਮ ਦੀ ਯੋਜਨਾ ਬਣਾਈ ਜਾ ਰਹੀ ਹੈ।ਕਿਮ, ਮਾਊਂਟ ਐਵਰੈਸਟ ਅਤੇ ਕੇ-2 ਜਿਹੀਆਂ ਪਰਬਤ ਚੋਟੀਆਂ ਨੂੰ ਵੀ ਫਤਹਿ ਕਰ ਚੁੱਕੇ ਹਨ।ਹੈਦਰੀ ਨੇ ਦੱਸਿਆ ਕਿ ਅਪਾਹਜ਼ਤਾ ਕਦੇ ਕਿਮ ਦੇ ਹੌਂਸਲਿਆਂ ਦੀ ਰੁਕਾਵਟ ਨਹੀਂ ਬਣੀ। ਉਹਨਾਂ ਨੇ ਕਿਹਾ ਕਿ ਕਿਮ ਨਾਲ ਚੜ੍ਹਾਈ ਕਰਨ ਵਾਲੇ ਹੋਰ ਪਰਬਤਾਰੋਹੀ ਸੁਰੱਖਿਅਤ ਹਨ। ਹੈਦਰੀ ਨੇ ਕਿਹਾ ਕਿ ਇਸਲਾਮਾਬਾਦ ਵਿਚ ਦੱਖਣ ਕੋਰੀਆਈ ਦੂਤਾਵਾਸ ਵੀ ਤਲਾਸ਼ੀ ਮੁਹਿੰਮ ਦੀ ਯੋਜਨਾ ਬਣਾ ਰਿਹਾ ਹੈ।


Vandana

Content Editor

Related News