ਦੱਖਣੀ ਕੋਰੀਆ ਨੇ ਓਮੀਕਰੋਨ ਨਾਲ ਨਜਿੱਠਣ ਲਈ ਸਮਾਜਿਕ ਦੂਰੀ ਸਬੰਧੀ ਨਿਯਮ ਕੀਤੇ ਸਖ਼ਤ
Friday, Dec 03, 2021 - 01:14 PM (IST)
ਸਿਓਲ (ਭਾਸ਼ਾ)- ਦੱਖਣੀ ਕੋਰੀਆ ਨੇ ਕੋਰੋਨਾ ਵਾਇਰਸ ਦੀ ਲਾਗ ਦੇ ਵੱਧ ਰਹੇ ਮਾਮਲਿਆਂ ਨਾਲ ਨਜਿੱਠਣ ਲਈ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਸਖ਼ਤ ਕਰਨ ਦਾ ਫ਼ੈਸਲਾ ਕੀਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਨਵੇਂ ਨਿਯਮ ਅਗਲੇ ਹਫ਼ਤੇ ਤੋਂ ਲਾਗੂ ਹੋਣਗੇ, ਜਿਸ ਦੇ ਤਹਿਤ ਸਿਓਲ ਅਤੇ ਆਲੇ-ਦੁਆਲੇ ਦੇ ਮਹਾਨਗਰ ਖੇਤਰ ਵਿੱਚ ਸੱਤ ਤੋਂ ਘੱਟ ਲੋਕ ਸ਼ਾਮਲ ਹੋ ਸਕਣਗੇ। ਰਾਜਧਾਨੀ ਖੇਤਰ ਦੇ ਬਾਹਰ ਕਿਸੇ ਵੀ ਸਮਾਰੋਹ ਵਿਚ ਸਿਰਫ 8 ਲੋਕ ਸ਼ਾਮਲ ਹੋ ਸਕਣਗੇ। ਬਾਲਗਾਂ ਨੂੰ ਰੈਸਟੋਰੈਂਟਾਂ, ਥੀਏਟਰਾਂ, ਅਜਾਇਬ ਘਰਾਂ, ਲਾਇਬ੍ਰੇਰੀਆਂ ਅਤੇ ਕਿਸੇ ਵੀ ਬੰਦ ਥਾਵਾਂ 'ਤੇ ਜਾਣ ਲਈ ਆਪਣਾ ਟੀਕਾਕਰਨ ਸਰਟੀਫਿਕੇਟ ਦਿਖਾਉਣਾ ਹੋਵੇਗਾ।
ਦੱਖਣੀ ਕੋਰੀਆ ਦੇ ਸਿਹਤ ਮੰਤਰੀ ਕਵੋਨ ਡੀਓਕ-ਚਿਓਲ ਨੇ ਦੱਸਿਆ ਕਿ ਸਮਾਜਿਕ ਸਮਾਗਮਾਂ 'ਤੇ ਇਹ ਪਾਬੰਦੀਆਂ ਘੱਟੋ-ਘੱਟ ਚਾਰ ਹਫ਼ਤਿਆਂ ਤੱਕ ਲਾਗੂ ਰਹਿਣਗੀਆਂ ਅਤੇ ਇਸ ਦੌਰਾਨ ਅਧਿਕਾਰੀ ਲਾਗ ਦੀ ਸਥਿਤੀ ਦੀ ਨਿਗਰਾਨੀ ਕਰਨਗੇ। ਡੇਓਕ-ਚਿਓਲ ਨੇ ਇੱਕ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਸਥਿਤੀ ਬਦਤਰ ਹੋ ਰਹੀ ਹੈ। ਸੰਕਰਮਣ ਦੇ ਰੋਜ਼ਾਨਾ ਮਾਮਲੇ ਪੰਜ ਹਜ਼ਾਰ ਦੇ ਕਰੀਬ ਹਨ, ਜਿਸ ਨਾਲ ਸਾਡੀ ਸਿਹਤ ਸੰਭਾਲ ਪ੍ਰਣਾਲੀ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਉਹਨਾਂ ਨੇ ਕਿਹਾ ਕਿ ਉੱਥੇ ਦੇਸ਼ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਵੇਂ ਵੈਰੀਐਂਟ ਓਮੀਕਰੋਨ ਦੇ ਮਾਮਲੇ ਵੀ ਸਾਹਮਣੇ ਆਏ ਹਨ ਅਤੇ ਇਸ ਦੇ ਸਥਾਨਕ ਭਾਈਚਾਰੇ ਵਿਚ ਫੈਲਣ ਦੀ ਚਿੰਤਾ ਬਣੀ ਹੋਈ ਹੈ।
ਪੜ੍ਹੋ ਇਹ ਅਹਿਮ ਖਬਰ- ਓਮੀਕਰੋਨ ਦੀ ਦਹਿਸ਼ਤ, ਇਟਲੀ 'ਚ 5 ਤੋਂ 11 ਸਾਲ ਦੇ ਬੱਚਿਆਂ ਲਈ ਐਂਟੀ ਕੋਵਿਡ ਟੀਕਾਕਰਨ ਦੀ ਮਨਜੂਰੀ
ਦੱਖਣੀ ਕੋਰੀਆ ਵਿਚ ਬੁੱਧਵਾਰ ਤੋਂ ਓਮੀਕਰੋਨ ਦੇ 6 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੌਰਾਨ ਕੋਰੀਆ ਰੋਗ ਨਿਯੰਤਰਣ ਅਤੇ ਰੋਕਥਾਮ ਏਜੰਸੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਦੇਸ਼ ਵਿੱਚ ਸੰਕਰਮਣ ਦੇ 4,944 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ ਇੱਕ ਦਿਨ ਪਹਿਲਾਂ 5,266 ਨਵੇਂ ਮਾਮਲੇ ਸਾਹਮਣੇ ਆਏ ਸਨ। ਇਸ ਦੇ ਨਾਲ ਹੀ ਦੇਸ਼ 'ਚ ਪਿਛਲੇ ਕੁਝ ਹਫ਼ਤਿਆਂ ਤੋਂ ਇਨਫੈਕਸ਼ਨ ਕਾਰਨ ਰੋਜ਼ਾਨਾ 30 ਤੋਂ 50 ਲੋਕ ਮਰ ਰਹੇ ਹਨ, ਜਿਸ ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 3,739 ਹੋ ਗਈ ਹੈ।