ਦੱਖਣੀ ਕੋਰੀਆ ਨੇ ਸੀਮਾ 'ਤੇ ਲਾਊਡ ਸਪੀਕਰਾਂ ਦੀ ਵਰਤੋਂ ਕੀਤੀ ਬੰਦ

04/23/2018 11:45:30 AM

ਸੋਲ (ਭਾਸ਼ਾ)— ਕੋਰੀਆਈ ਦੇਸ਼ਾਂ ਵਿਚਕਾਰ ਇਸ ਹਫਤੇ ਹੋਣ ਵਾਲੇ ਇਤਿਹਾਸਿਕ ਸ਼ਿਖਰ ਸੰਮੇਲਨ ਤੋਂ ਪਹਿਲਾਂ ਦੱਖਣੀ ਕੋਰੀਆ ਨੇ ਸੀਮਾ 'ਤੇ ਲਾਊਡ ਸਪੀਕਰਾਂ ਦੀ ਵਰਤੋਂ ਅੱਜ ਤੋਂ ਮਤਲਬ ਸੋਮਵਾਰ ਤੋਂ ਬੰਦ ਕਰ ਦਿੱਤੀ ਹੈ। ਇਹ ਲਾਊਡ ਸਪੀਕਰ ਉੱਤਰੀ ਕੋਰੀਆ ਦੇ ਫੌਜੀਆਂ ਨੂੰ ਸੰਦੇਸ਼ ਦੇਣ ਦੇ ਇਰਾਦੇ ਨਾਲ ਲਗਾਏ ਗਏ ਸਨ। ਇਨ੍ਹਾਂ ਲਾਊਡ ਸਪੀਕਰਾਂ  ਰਾਹੀਂ ਦੱਖਣੀ ਕੋਰੀਆ ਸਮਾਚਾਰ, ਸੰਗੀਤ ਅਤੇ ਪ੍ਰਚਾਰ ਸੰਦੇਸ਼ਾਂ ਦਾ ਪ੍ਰਸਾਰਣ ਕਰ ਕੇ ਉੱਤਰੀ ਕੋਰੀਆ ਦੇ ਫੌਜੀਆਂ ਨੰ ਆਪਣੇ ਵੱਲ ਆਉਣ ਲਈ ਉਕਸਾਉਂਦਾ ਰਿਹਾ ਹੈ। ਉੱਤਰੀ ਕੋਰੀਆ ਵੀ ਆਪਣਾ ਪ੍ਰਚਾਰ ਕਰਦਾ ਹੈ। ਕੋਰੀਆ ਪ੍ਰਾਇਦੀਪ ਦੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਹਾਲ ਹੀ ਦੇ ਮਹੀਨਿਆਂ ਵਿਚ ਸੁਧਾਰ ਹੋਇਆ ਹੈ। ਉੱਤਰੀ ਕੋਰੀਆ ਨੇ ਹਫਤੇ ਦੇ ਅਖੀਰ ਵਿਚ ਐਲਾਨ ਕੀਤਾ ਕਿ ਹੁਣ ਉਹ ਪਰਮਾਣੂ ਪਰੀਖਣ ਜਾਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦਾ ਪਰੀਖਣ ਨਹੀਂ ਕਰੇਗਾ। ਤਾਜਾ ਘਟਨਾਕ੍ਰਮ ਵਿਚ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ-ਇਨ ਵਿਚਕਾਰ ਸ਼ੁੱਕਰਵਾਰ ਨੂੰ ਹੋਣ ਵਾਲੀ  ਅੰਤਰ ਕੋਰੀਆਈ ਸ਼ਿਖਰ ਬੈਠਕ ਤੋਂ ਪਹਿਲਾਂ ਹੋਇਆ ਹੈ। ਇਸ ਬੈਠਕ ਮਗਰੋਂ ਕਿਮ ਦੇ ਅਮਰੀਕੀ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਦੀ ਸੰਭਾਵਨਾ ਹੈ। ਸੋਲ ਦੇ ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਅੰਤਰ ਕੋਰੀਆਈ ਸ਼ਿਖਰ ਸੰਮੇਲਨ 2018 ਤੋ ਪਹਿਲਾਂ ਮਿਲਟਰੀ ਤਣਾਅ ਨੂੰ ਘੱਟ ਕਰਨ ਅਤੇ ਸ਼ਾਂਤੀਪੂਰਣ ਮਾਹੌਲ ਬਨਾਉਣ ਲਈ ਸੋਮਵਾਰ ਤੋਂ ਲਾਊਡ ਸਪੀਕਰਾਂ ਦੀ ਵਰਤੋਂ ਬੰਦ ਕਰ ਦਿੱਤੀ ਗਈ ਹੈ।


Related News