ਦੱਖਣੀ ਕੋਰੀਆ ਨੇ ਪਰਿਵਾਰਾਂ ਨੂੰ ਮੁੜ ਮਿਲਾਉਣ ਲਈ ਉੱਤਰੀ ਕੋਰੀਆ ਨੂੰ ਬੈਠਕ ਦਾ ਦਿੱਤਾ ਪ੍ਰਸਤਾਵ
Thursday, Sep 08, 2022 - 01:34 PM (IST)

ਸਿਓਲ (ਭਾਸ਼ਾ)- ਦੱਖਣੀ ਕੋਰੀਆ ਦੀ ਸਰਕਾਰ ਨੇ ਕੋਰੀਆਈ ਯੁੱਧ ਦੌਰਾਨ ਵੱਖ ਹੋਏ ਪਰਿਵਾਰਾਂ ਨੂੰ ਮੁੜ ਮਿਲਾਉਣ ਲਈ ਉੱਤਰੀ ਕੋਰੀਆ ਦੀ ਸਰਕਾਰ ਨੂੰ ਮੀਟਿੰਗ ਦਾ ਪ੍ਰਸਤਾਵ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਰਿਵਾਰਕ ਪੁਨਰ-ਏਕੀਕਰਨ ਇੱਕ ਬਹੁਤ ਹੀ ਭਾਵਨਾਤਮਕ ਅਤੇ ਮਨੁੱਖੀ ਮੁੱਦਾ ਹੈ ਕਿਉਂਕਿ ਇਸ ਵਿੱਚ 80 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ ਸ਼ਾਮਲ ਹੁੰਦੇ ਹਨ ਜੋ ਆਪਣੇ ਜੀਵਨ ਦੇ ਅੰਤ ਤੋਂ ਪਹਿਲਾਂ ਵਿਛੜੇ ਪਰਿਵਾਰਾਂ ਨੂੰ ਮੁੜ ਮਿਲਣਾ ਚਾਹੁੰਦੇ ਹਨ।
ਮੰਨਿਆ ਜਾ ਰਿਹਾ ਹੈ ਕਿ ਉੱਤਰੀ ਕੋਰੀਆ ਇਸ ਪ੍ਰਸਤਾਵ ਨੂੰ ਠੁਕਰਾ ਦੇਵੇਗਾ ਕਿਉਂਕਿ ਉਸ ਨੇ ਪਰਮਾਣੂ ਪ੍ਰੋਗਰਾਮ ਅਤੇ ਹੋਰ ਮੁੱਦਿਆਂ 'ਤੇ ਗੱਲਬਾਤ ਸ਼ੁਰੂ ਕਰਨ ਦੇ ਦੱਖਣੀ ਕੋਰੀਆ ਅਤੇ ਅਮਰੀਕਾ ਦੇ ਪ੍ਰਸਤਾਵ ਨੂੰ ਲਗਾਤਾਰ ਖਾਰਜ ਕੀਤਾ ਹੈ। ਏਕੀਕਰਨ ਮੰਤਰੀ ਵੋਨ ਯਾਂਗਸੇ ਨੇ ਟੈਲੀਵਿਜ਼ਨ 'ਤੇ ਕਿਹਾ ਕਿ ਦੱਖਣ ਅਤੇ ਉੱਤਰ ਨੂੰ ਵਰਤਮਾਨ ਦੇ ਦਰਦਨਾਕ ਮਾਮਲਿਆਂ ਦਾ ਸਾਹਮਣਾ ਕਰਨਾ ਚਾਹੀਦਾ ਹੈ। ਸਾਨੂੰ ਮਾਮਲੇ ਸੁਲਝਾਉਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਦੱਖਣੀ ਕੋਰੀਆ ਨੂੰ ਉਮੀਦ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧਤ ਅਧਿਕਾਰੀ ਜਲਦੀ ਹੀ ਮੁਲਾਕਾਤ ਕਰਨਗੇ ਅਤੇ ਇਸ ਮਾਮਲੇ 'ਤੇ ਚਰਚਾ ਕਰਨਗੇ।
ਪੜ੍ਹੋ ਇਹ ਅਹਿਮ ਖ਼ਬਰ- ਸਿਡਨੀ 'ਚ ਵਾਪਰਿਆ ਰੂਹ ਕੰਬਾਊ ਹਾਦਸਾ, 3 ਕੁੜੀਆਂ ਤੇ 2 ਮੁੰਡਿਆਂ ਦੀ ਹੋਈ ਮੌਤ
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਪਰਿਵਾਰਾਂ ਨੂੰ ਦੁਬਾਰਾ ਮਿਲਾਉਣ ਦੀ ਕਵਾਇਦ 2018 ਵਿੱਚ ਕੀਤੀ ਗਈ ਸੀ। ਏਕੀਕਰਨ ਮੰਤਰਾਲੇ ਦੇ ਅਨੁਸਾਰ ਦੱਖਣੀ ਕੋਰੀਆ ਵਿੱਚ ਲਗਭਗ 1,33,650 ਲੋਕਾਂ ਨੇ ਮੁੜ ਏਕੀਕਰਨ ਲਈ ਅਰਜ਼ੀ ਦਿੱਤੀ ਸੀ, ਪਰ ਉਨ੍ਹਾਂ ਵਿੱਚੋਂ ਲਗਭਗ 70 ਪ੍ਰਤੀਸ਼ਤ ਦੀ ਮੌਤ ਹੋ ਚੁੱਕੀ ਹੈ।