ਦੱਖਣੀ ਕੋਰੀਆ ਦੀ ਸਾਬਕਾ ਰਾਸ਼ਟਰਪਤੀ ਪਾਰਕ ਵਿਰੁੱਧ ਮਾਮਲੇ ''ਚ ਮੁੜ ਹੋਵੇਗੀ ਸੁਣਵਾਈ

Thursday, Aug 29, 2019 - 02:38 PM (IST)

ਦੱਖਣੀ ਕੋਰੀਆ ਦੀ ਸਾਬਕਾ ਰਾਸ਼ਟਰਪਤੀ ਪਾਰਕ ਵਿਰੁੱਧ ਮਾਮਲੇ ''ਚ ਮੁੜ ਹੋਵੇਗੀ ਸੁਣਵਾਈ

ਸਿਓਲ (ਏ.ਐਫ.ਪੀ.)- ਦੱਖਣੀ ਕੋਰੀਆ ਦੀ ਚੋਟੀ ਦੀ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪਾਰਕ ਗਿਊਨ ਹੇਈ ਖਿਲਾਫ ਉਸ ਅਦਾਲਤੀ ਹੁਕਮ ਨੂੰ ਇਕ ਪਾਸੇ ਕਰ ਦਿੱਤਾ, ਜਿਸ ਵਿਚ ਉਨ੍ਹਾਂ ਨੇ ਸ਼ਕਤੀਆਂ ਦੀ ਦੁਰਵਰਤੋਂ ਦਾ ਦੋਸ਼ੀ ਠਹਿਰਾਇਆ ਗਿਆ ਸੀ। ਉਨ੍ਹਾਂ ਖਿਲਾਫ ਮਾਮਲੇ ਦੀ ਫਿਰ ਤੋਂ ਸੁਣਵਾਈ ਕਰਨ ਦੇ ਹੁਕਮ ਦਿੱਤੇ ਗਏ। ਪਾਰਕ ਨੂੰ ਰਿਸ਼ਵਤ ਲੈਣ ਅਤੇ ਸ਼ਕਤੀਆਂ ਦੀ ਦੁਰਵਰਤੋਂ ਕਰਨ ਦਾ ਪਿਛਲੇ ਸਾਲ ਅਪ੍ਰੈਲ ਵਿਚ ਦੋਸ਼ੀ ਕਰਾਰ ਦਿੰਦੇ ਹੋਏ 24 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਬਾਅਦ ਵਿਚ ਸਜ਼ਾ ਵਿਚ 12 ਮਹੀਨੇ ਦਾ ਹੋਰ ਵਾਧਾ ਕਰ ਦਿੱਤਾ ਗਿਆ। ਪਰ ਦੱਖਣੀ ਕੋਰੀਆ ਦੀ ਸਰਵ ਉੱਚ ਅਦਾਲਤ ਨੇ ਕਿਹਾ ਕਿ ਰਿਸ਼ਵਤ ਦੇ ਮਾਮਲੇ ਵਿਚ ਵੱਖਰਾ ਫੈਸਲਾ ਸੁਣਾਇਆ ਜਾਣਾ ਚਾਹੀਦਾ ਸੀ। ਚੀਫ ਜਸਟਿਸ ਕਿਮ ਮਈਯੋਂਗ ਸੂ ਨੇ ਕਿਹਾ ਕਿ ਅਸੀਂ ਮਾਮਲੇ ਨੂੰ ਦੁਬਾਰਾ ਸਿਓਲ ਉੱਚ ਅਦਾਲਤ ਭੇਜ ਰਹੇ ਹਾਂ।

ਪਾਰਕ ਖਿਲਾਫ ਪਹਿਲੀ ਸੁਣਵਾਈ 10 ਮਹੀਨੇ ਤੱਕ ਚੱਲੀ ਸੀ ਅਤੇ ਇਸ ਦੌਰਾਨ ਦੱਖਣੀ ਕੋਰੀਆ ਦੇ ਕਾਰੋਬਾਰੀ ਜਗਤ ਅਤੇ ਰਾਜਨੀਤੀ ਵਿਚਾਲੇ ਗਠਜੋੜ ਦਾ ਖੁਲਾਸਾ ਹੋਇਆ। ਪਾਰਕ ਅਤੇ ਉਨ੍ਹਾਂ ਦੇ ਕਰੀਬੀ ਦੋਸਤ ਚੋਈ ਸੂਨ ਸਿਲ 'ਤੇ ਵੱਡੇ ਉਦਯੋਗ ਘਰਆਣਿਆਂ ਨੂੰ ਤਰਜੀਹ ਦੇਣ ਬਦਲੇ ਰਿਸ਼ਵਤ ਲੈਣ ਦੇ ਦੋਸ਼ ਲੱਗੇ। ਪਾਰਕ ਨੇ ਹਿਰਾਸਤ ਵਿਚ ਰੱਖੇ ਜਾਣ ਦੇ ਵਿਰੋਧ ਵਿਚ ਜ਼ਿਆਦਾਤਰ ਕਾਰਵਾਈ ਦਾ ਬਾਈਕਾਟ ਕੀਤਾ ਸੀ। ਅਖੀਰ ਉਨ੍ਹਾਂ ਨੂੰ ਅਪ੍ਰੈਲ 2018 ਨੂੰ ਦੋ ਕਰੋੜ ਡਾਲਰ ਤੋਂ ਜ਼ਿਆਦਾ ਰਿਸ਼ਵਤ ਲੈਣ ਜਾਂ ਉਸ ਦੀ ਮੰਗ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ।


author

Sunny Mehra

Content Editor

Related News