ਦੱਖਣੀ ਕੋਰੀਆ ਦੇ ਕਾਰਜਕਾਰੀ ਰਾਸ਼ਟਰਪਤੀ ਨੇ ਰਾਸ਼ਟਰਪਤੀ ਸੁਰੱਖਿਆ ਮੁਖੀ ਦਾ ਅਸਤੀਫ਼ਾ ਕੀਤਾ ਸਵੀਕਾਰ
Friday, Jan 10, 2025 - 02:33 PM (IST)
ਸਿਓਲ (ਏਜੰਸੀ)- ਦੱਖਣੀ ਕੋਰੀਆ ਦੇ ਕਾਰਜਕਾਰੀ ਰਾਸ਼ਟਰਪਤੀ ਚੋਈ ਸਾਂਗ-ਮੋਕ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਸੁਰੱਖਿਆ ਸੇਵਾ ਮੁਖੀ ਪਾਰਕ ਜੋਂਗ-ਜੂਨ ਦਾ ਅਸਤੀਫ਼ਾ ਸਵੀਕਾਰ ਕਰ ਲਿਆ। ਜੋਂਗ ਤੋਂ ਪੁਲਸ ਇਸ ਬਾਰੇ ਵਿਚ ਪੁੱਛਗਿੱਛ ਕਰ ਰਹੀ ਹੈ ਕਿ ਉਨ੍ਹਾਂ ਦੇ ਸੁਰੱਖਿਆ ਬਲਾਂ ਨੇ ਪਿਛਲੇ ਹਫ਼ਤੇ ਮਹਾਦੋਸ਼ ਦਾ ਸਾਹਮਣਾ ਕਰ ਰਹੇ ਰਾਸ਼ਟਰਪਤੀ ਯੂਨ ਸੁਕ-ਯਿਓਲ ਨੂੰ ਹਿਰਾਸਤ ਵਿੱਚ ਲੈਣ ਦੀਆਂ ਸੁਰੱਖਿਆ ਅਧਿਕਾਰੀਆਂ ਦੀਆਂ ਕੋਸ਼ਿਸ਼ਾਂ ਨੂੰ ਕਿਉਂ ਰੋਕਿਆ।
ਕਾਰਜਕਾਰੀ ਰਾਸ਼ਟਰਪਤੀ ਅਤੇ ਉਪ ਪ੍ਰਧਾਨ ਮੰਤਰੀ ਚੋਈ ਸਾਂਗ-ਮੋਕ ਨੇ ਵੀ ਯੂਨ ਨੂੰ ਹਿਰਾਸਤ ਵਿੱਚ ਲੈਣ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਅਤੇ ਰਾਸ਼ਟਰਪਤੀ ਸੁਰੱਖਿਆ ਸੇਵਾ ਵਿਚਕਾਰ ਹੋਈਆਂ ਝੜਪਾਂ 'ਤੇ ਅਫਸੋਸ ਪ੍ਰਗਟ ਕੀਤਾ ਅਤੇ ਇਸ ਮਾਮਲੇ ਦੀ ਸੁਤੰਤਰ ਜਾਂਚ ਸ਼ੁਰੂ ਕਰਨ ਲਈ ਸੰਸਦ ਮੈਂਬਰਾਂ ਨਾਲ ਇਕ ਸਮਝੌਤੇ 'ਤੇ ਪਹੁੰਚਣ ਦੀ ਅਪੀਲ ਕੀਤੀ। ਅਜਿਹੇ ਮਾਮਲਿਆਂ ਵਿਚ ਉੱਚ-ਦਰਜੇ ਦੇ ਅਧਿਕਾਰੀਆਂ ਦੀ ਜਾਂਚ ਕਰਨ ਵਾਲਾ ਭ੍ਰਿਸ਼ਟਾਚਾਰ ਜਾਂਚ ਦਫ਼ਤਰ ਅਤੇ ਪੁਲਸ ਯੂਨ ਨੂੰ ਹਿਰਾਸਤ ਵਿੱਚ ਲੈਣ ਦੀ ਦੂਜੀ ਕੋਸ਼ਿਸ਼ ਦੀ ਯੋਜਨਾ ਬਣਾ ਰਹੇ ਹਨ।
ਭ੍ਰਿਸ਼ਟਾਚਾਰ ਜਾਂਚ ਦਫ਼ਤਰ ਅਤੇ ਪੁਲਸ ਸਾਂਝੇ ਤੌਰ 'ਤੇ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ 3 ਦਸੰਬਰ ਨੂੰ ਯੂਨ ਵੱਲੋਂ "ਮਾਰਸ਼ਲ ਲਾਅ" ਦਾ ਐਲਾਨ ਇੱਕ ਤਖ਼ਤਾ ਪਲਟਣ ਦੀ ਕੋਸ਼ਿਸ਼ ਦੇ ਬਰਾਬਰ ਸੀ ਜਾਂ ਨਹੀਂ। ਰਾਸ਼ਟਰਪਤੀ ਸੁਰੱਖਿਆ ਸੇਵਾ ਨੇ ਯੂਨ ਨੂੰ ਉਨ੍ਹਾਂ ਦੇ ਸਰਕਾਰੀ ਨਿਵਾਸ ਸਥਾਨ 'ਤੇ ਹਿਰਾਸਤ ਵਿੱਚ ਲੈਣ ਦੀ ਪਹਿਲਾਂ ਕੀਤੀ ਗਈ ਕੋਸ਼ਿਸ਼ ਨੂੰ ਰੋਕ ਦਿੱਤਾ ਸੀ। ਯੂਨ ਹਫ਼ਤਿਆਂ ਤੋਂ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਤੋਂ ਬਾਹਰ ਨਹੀਂ ਆਏ ਹਨ।