ਯੂਰਪ ’ਚ ਬਰਫੀਲੇ ਤੂਫਾਨ ਕਾਰਨ ਜਨਜੀਵਨ ਪ੍ਰਭਾਵਿਤ, 3 ਮੌਤਾਂ
Thursday, Jan 04, 2018 - 08:11 PM (IST)

ਲੰਡਨ (ਏਜੰਸੀ)- ਯੂਰਪ ਵਿਚ ਬਰਫੀਲੇ ਤੂਫਾਨ ‘ਏਲੀਆਨੋਰ’ ਨੇ ਵੱਡੇ ਪੱਧਰ ’ਤੇ ਲੋਕਾਂ ਲਈ ਮੁਸ਼ਕਲਾਂ ਪੈਦਾ ਕੀਤੀਆਂ ਹਨ। ਬਰਫੀਲੇ ਤੂਫਾਨ ਕਾਰਨ ਅਜੇ ਤੱਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਪਈ ਹੈ। ਵੀਰਵਾਰ ਨੂੰ ਇਕ ਰਿਪੋਰਟ ਮੁਤਾਬਕ ਸਪੇਨ ਦੇ ਉੱਤਰੀ ਬਾਸਕ ਕੰਢੇ ਬੁੱਧਵਾਰ ਨੂੰ ਦੋ ਵਿਅਕਤੀ ਸਮੁੰਦਰ ਦੀਆਂ ਤੇਜ਼ ਲਹਿਰਾਂ ਵਿਚ ਰੁੜ ਗਏ, ਜਦੋਂ ਕਿ ਫਰਾਂਸ ’ਚ ਐਲਪਸ ਪਹਾੜੀਆਂ ’ਤੇ ਇਕ ਦਰੱਖਤ ਟੁੱਟਣ ਨਾਲ ਉਸ ਦੇ ਹੇਠਾਂ ਆਉਣ ਕਾਰਨ ਇਕ ਸਕੀ ਕਰਨ ਵਾਲੇ ਦੀ ਮੌਤ ਹੋ ਗਈ।
ਹਾਲੈਂਡ ਵਿਚ ਪ੍ਰਸ਼ਾਸਨ ਨੇ ਪਹਿਲੀ ਵਾਰ ਸਾਰੇ ਪੰਜ ਸਮੁੰਦਰੀ ਬੈਰੀਅਰ ਬੰਦ ਕਰ ਦਿੱਤੇ ਹਨ, ਹਾਲਾਂਕਿ ਬਾਅਦ ਵਿਚ ਦੋ ਨੂੰ ਖੋਲ ਦਿੱਤਾ ਗਿਆ। ਐਮਸਟਰਡਮ ਹਵਾਈ ਅੱਡੇ ’ਤੇ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਬਰਫੀਲੀਆਂ ਹਵਾਵਾਂ ਚਲੀਆਂ, ਜਿਸ ਕਾਰਨ ਸੈਂਕੜੇ ਉਡਾਣਾਂ ਰੱਦ ਕਰਨੀਆਂ ਪਈਆਂ। ਫਰਾਂਸ ਵਿਚ ਵੱਖ-ਵੱਖ ਸਥਾਨਾਂ ’ਤੇ 15 ਲੋਕ ਜ਼ਖਮੀ ਹੋ ਗਏ। ਉਥੇ ਹੀ 147 ਕਿਲੋਮੀਟਰ ਪ੍ਰਤੀ ਘੰਟੇ ਤੱਕ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ। ਪੈਰਿਸ ਵਿਚ ਤੇਜ਼ ਹਵਾਵਾਂ ਦੇ ਚਲਦੇ ਐਫਿਲ ਟਾਵਰ ਬੰਦ ਕਰ ਦਿੱਤਾ ਗਿਆ ਸੀ।
ਇਸ ਦੌਰਾਨ ਉਥੇ ਪਾਰਕਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਸਵਿਟਜ਼ਰਲੈਂਡ ਵਿਚ ਇੰਨੀ ਤੇਜ਼ ਹਵਾ ਚਲੀ ਕਿ ਇਕ ਰੇਲਗੱਡੀ ਹੀ ਪਟੜੀ ਤੋਂ ਹੇਠਾਂ ਉਤਰ ਗਈ, ਜਿਸ ਨਾਲ 8 ਲੋਕ ਜ਼ਖਮੀ ਹੋ ਗਏ। ਦੇਸ਼ ਵਿਚ ਲਗਭਗ 14,000 ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ। ਇਥੇ ਲਿਊਕੇਰਨੇ ਨਗਰ ਨੇੜੇ ਤੂਫਾਨੀ ਹਵਾ ਦੀ ਰਫਤਾਰ 195 ਕਿਲੋਮੀਟਰ ਪ੍ਰਤੀ ਘੰਟੇ ਦਰਜ ਕੀਤੀ ਗਈ। ਸੇਂਟ ਗਾਲੇਨ ਕੈਂਟਨ ਵਿਚ ਕਈ ਲੋਕ ਸਕੀ ਲਿਫਟ ਵਿਚ ਫਸ ਗਏ। ਬਰਨ ਵਿਚ ਤੇਜ਼ ਹਵਾਵਾਂ ਕਾਰਨ ਇਕ ਹਲਕਾ ਜਹਾਜ਼ ਪਲਟ ਕੇ ਇਕ 13 ਮੀਟਰ ਲੰਬੇ ਕ੍ਰਿਸਮਸ ਟ੍ਰੀ ਨਾਲ ਟਕਰਾ ਗਿਆ। ਮੀਡੀਆ ਰਿਪੋਰਟ ਮੁਤਾਬਕ ਤੂਫਾਨ ਨਾਲ ਜਰਮਨੀ ਅਤੇ ਆਸਟ੍ਰੀਆ ਵਿਚ ਕਈ ਥਾਵਾਂ ਪ੍ਰਭਾਵਿਤ ਰਹੀਆਂ।
ਕਿਜਬੁਹੇਲ ਵਿਚ ਤੂਫਾਨ ਕਾਰਨ ਨੁਕਸਾਨੇ ਹੋਏ ਇਕ ਕੇਬਲ ਕਾਰ ਵਿਚ ਫਸੇ 20 ਸਕੀ ਕਰਨ ਵਾਲਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਬੈਲਜੀਅਮ ਵਿਚ ਐਮਰਜੈਂਸੀ ਅਲਰਟ ਦੇ ਚਾਰ ਪੜਾਅ ਵਿਚੋਂ ਤੀਜਾ ਪੜਾਅ ‘ਓਰੇਂਜ ਅਲਰਟ’ ਜਾਰੀ ਹੋ ਗਿਆ ਹੈ। ਇਥੇ ਤੂਫਾਨ ਕਾਰਨ ਹਵਾ ਵਿਚ ਉੜ ਰਹੀਆਂ ਭਾਰੀ ਵਸਤੂਆਂ ਅਤੇ ਟੁੱਟਦੇ ਦਰੱਖਤਾਂ ਕਾਰਨ ਪ੍ਰਸ਼ਾਸਨ ਨੇ ਬਾਹਰ ਨਿਕਲ ਰਹੇ ਲੋਕਾਂ ਨੂੰ ਸੁਚੇਤ ਰਹਿਣ ਨੂੰ ਕਿਹਾ ਹੈ। ਯੂਨਾਈਟਿਡ ਕਿੰਗਡਮ ਵਿਚ ਤੂਫਾਨ ਤੋਂ ਬਾਅਦ ਆਵਾਜਾਈ ਵਿਵਸਥਾ ਪ੍ਰਭਾਵਿਤ ਹੋਈ ਹੈ ਅਤੇ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ।
ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਰਾਤ ਤੂਫਾਨ ਦੀ ਰਫਤਾਰ 160 ਕਿਲੋਮੀਟਰ ਪ੍ਰਤੀ ਘੰਟੇ ਦਰਜ ਕੀਤੀ ਗਈ, ਜਦੋਂ ਕਿ ਇੰਗਲੈਂਡ, ਵੇਲਸ, ਉੱਤਰੀ ਆਇਰਲੈਂਡ ਦਾ ਜ਼ਿਆਦਾਤਰ ਹਿੱਸਾ ਅਤੇ ਦੱਖਣੀ ਸਕਾਟਲੈਂਡ ਵਿਚ ਕੁਝ ਹਿੱਸਿਆਂ ਵਿਚ ਅਜੇ ਵੀ ਮੌਸਮ ਨੂੰ ਲੈ ਕੇ ਯੈਲੋ ਵਾਰਨਿੰਗ ਜਾਰੀ ਹੈ। ਬ੍ਰਿਟੇਨ ਵਿਚ ਤੂਫਾਨ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਉੱਤਰੀ ਕਾਰਨਵਾਲ ਦੇ ਸਮੁੰਦਰੀ ਕੰਢੇ ਵਾਲੇ ਇਲਾਕਿਆਂ ਅਤੇ ਪਿੰਡਾਂ ਨੂੰ ਹੋਇਆ ਹੈ। ਤੂਫਾਨ ਕਾਰਨ ਬੰਦਰਗਾਹਾਂ ਨੂੰ ਬਹੁਤ ਨੁਕਸਾਨ ਹੋਇਆ ਹੈ ਅਤੇ ਕਾਉਂਟੀ ਵਿਚ ਕਾਰਾਂ ਅਤੇ ਹੋਰ ਜਾਇਦਾਦਾਂ ਨੂੰ ਪਾਣੀ ਵਿਚ ਤੈਰਦੇ ਹੋਏ ਦੇਖਿਆ ਜਾ ਸਕਦਾ ਹੈ। ਆਇਰਲੈਂਡ ਵਿਚ ਹੜ੍ਹ ਆਉਣ ਨਾਲ ਆਵਾਜਾਈ ਪ੍ਰਭਾਵਿਤ ਹੋ ਗਈ ਹੈ ਅਤੇ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ।