ਆਇਓਵਾ ਵਿੱਚ ਬਰਫੀਲੀ ਸੜਕ 'ਤੇ ਟਕਰਾਏ 40 ਵਾਹਨ

02/07/2021 1:50:42 PM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੇ ਕੁੱਝ ਰਾਜਾਂ ਵਿੱਚ ਪੈ ਰਹੀ ਬਰਫਬਾਰੀ ਰੋਜ਼ਾਨਾ ਜਿੰਦਗੀ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰ ਰਹੀ ਹੈ। ਬਰਫ਼ਬਾਰੀ ਦਾ ਜ਼ਿਆਦਾ ਸਾਹਮਣਾ ਡਰਾਈਵਰਾਂ ਵਲੋਂ ਕੀਤਾ ਜਾਂਦਾ ਹੈ। ਇਸ ਹਫਤੇ ਹੋਈ ਬਰਫਬਾਰੀ ਕਾਰਨ ਆਈਓਵਾ 'ਚ ਇੱਕ ਸੜਕ ਹਾਦਸੇ ਵਿੱਚ ਲਗਭਗ 40 ਵਾਹਨਾਂ ਦੇ ਟਕਰਾਉਣ ਦੀ ਘਟਨਾ ਵਾਪਰੀ ਹੈ। ਇਹ ਹਾਦਸਾ ਕੇਂਦਰੀ ਆਈਓਵਾ ਵਿੱਚ ਵੀਰਵਾਰ ਦੁਪਹਿਰ ਨੂੰ ਇੰਟਰਸਟੇਟ 80  ਵਿਖੇ ਵਾਪਰਿਆ, ਜਿਸਦੇ ਬਾਅਦ ਇਸ ਰਾਸਤੇ ਨੂੰ ਬੰਦ ਕਰ ਦਿੱਤਾ ਗਿਆ।

ਇਸ ਹਾਦਸੇ ਦੇ ਸੰਬੰਧ ਵਿੱਚ ਆਇਓਵਾ ਸਟੇਟ ਪੈਟਰੋਲ ਅਧਿਕਾਰੀਆਂ ਨੇ ਦੱਸਿਆ ਕਿ ਇਸ ਖ਼ੇਤਰ ਵਿੱਚ ਕਈ ਵਾਹਨਾਂ ਦੀ ਟੱਕਰ ਨਾਲ ਕਈ  ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ, ਪਰ ਹਾਦਸੇ ਵਿੱਚ  ਕੋਈ ਮੌਤ ਨਹੀਂ ਹੋਈ ਹੈ।ਇਸਦੇ ਇਲਾਵਾ ਆਇਓਵਾ ਟਰਾਂਸਪੋਰਟੇਸ਼ਨ ਵਿਭਾਗ ਅਨੁਸਾਰ ਇਸ ਹਾਦਸੇ ਦੇ ਬਾਅਦ ਉੱਥੇ ਮੌਜੂਦ ਸੈਨਾ ਦੇ ਦੋ ਜਵਾਨਾਂ ਨੇ ਜਖਮੀਆਂ ਦੀ ਸਹਾਇਤਾ ਕੀਤੀ। ਇਸ ਹਾਦਸੇ  ਵਿੱਚ ਹਾਈਵੇ ਉੱਪਰ ਕਈ ਟਰੇਲਰ  ਅਤੇ ਟਰੱਕਾਂ ਸਮੇਤ ਕਈ  ਵਾਹਨ ਸੜਕ ਤੋਂ ਹੇਠਾਂ ਉੱਤਰ ਗਏ ਸਨ। ਆਇਓਵਾ ਵਿੱਚ ਭਾਰੀ ਬਰਫਬਾਰੀ ਕਾਰਨ ਅਧਿਕਾਰੀਆਂ ਦੁਆਰਾ ਡਰਾਈਵਰਾਂ ਨੂੰ ਸੜਕਾਂ ਤੋਂ ਦੂਰ ਰਹਿਣ ਦੇ ਨਾਲ ਸਾਵਧਾਨੀ ਵਰਤਣ ਦੀ ਵੀ ਅਪੀਲ ਕੀਤੀ ਗਈ।


Shyna

Content Editor

Related News