ਭਾਰਤ ਤੇ ਚੀਨ ਵਿਚਕਾਰਲੇ ਹਾਲਾਤ ''ਤੇ ਨੇੜਿਓਂ ਰੱਖ ਰਹੇ ਹਾਂ ਨਜ਼ਰ : ਅਮਰੀਕਾ

06/17/2020 9:27:02 AM

ਵਾਸ਼ਿੰਗਟਨ- ਪੂਰਬੀ ਲੱਦਾਖ ਵਿਚ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਕਾਰ ਹੋਈ ਹਿੰਸਕ ਝੜਪ ਦੇ ਬਾਅਦ ਅਮਰੀਕਾ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਉਮੀਦ ਕਰਦਾ ਹੈ ਕਿ ਵਿਵਾਦ ਨੂੰ ਸ਼ਾਂਤੀਪੂਰਣ ਢੰਗ ਨਾਲ ਹੱਲ ਕਰ ਲਿਆ ਜਾਵੇਗਾ। ਇਕ ਅਮਰੀਕੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। 

ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ ਕਿ ਅਸਲੀ ਕੰਟਰੋਲ ਰੇਖਾ (ਐੱਲ. ਏ. ਸੀ.) 'ਤੇ ਭਾਰਤ ਅਤੇ ਚੀਨ ਦੀ ਫੌਜ ਵਿਚਕਾਰ ਹਾਲਾਤ 'ਤੇ ਅਸੀਂ ਨੇੜਿਓਂਨਜ਼ਰ ਰੱਖ ਰਹੇ ਹਾਂ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੇ ਕਿਹਾ ਕਿ ਉਸ ਦੇ 20 ਫੌਜੀ ਮਾਰੇ ਗਏ ਹਨ, ਅਸੀਂ ਉਨ੍ਹਾਂ ਦੇ ਰਿਸ਼ਤੇਦਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ। ਬੁਲਾਰੇ ਨੇ ਕਿਹਾ ਕਿ ਭਾਰਤ ਅਤੇ ਚੀਨ ਦੋਵੇਂ ਹੀ ਦੇਸ਼ ਤਣਾਅ ਘੱਟ ਕਰਨ ਦੀ ਇੱਛਾ ਪ੍ਰਗਟ ਕਰਦੇ ਹਨ। 

ਬੁਲਾਰੇ ਨੇ ਕਿਹਾ ਕਿ ਭਾਰਤ ਅਤੇ ਚੀਨ ਦੋਹਾਂ ਹੀ ਦੇਸ਼ਾਂ ਨੇ ਤਣਾਅ ਘੱਟ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ ਅਤੇ ਅਮਰੀਕਾ ਵਰਤਮਾਨ ਹਾਲਾਤ ਦੇ ਸ਼ਾਂਤੀਪੂਰਣ ਹੱਲ ਦਾ ਸਮਰਥਨ ਕਰਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ 2 ਜੂਨ, 2020 ਨੂੰ ਫੋਨ 'ਤੇ ਹੋਈ ਗੱਲਬਾਤ ਦੌਰਾਨ ਦੋਹਾਂ ਨੇਤਾਵਾਂ ਨੇ ਭਾਰਤ ਅਤੇ ਚੀਨ ਸਰਹੱਦ ਦੇ ਹਾਲਾਤ 'ਤੇ ਚਰਚਾ ਕੀਤੀ ਸੀ। 

ਜ਼ਿਕਰਯੋਗ ਹੈ ਕਿ ਸੋਮਵਾਰ ਰਾਤ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਫੌਜੀਆਂ ਨਾਲ ਹਿੰਸਕ ਝੜਪ ਵਿਚ ਭਾਰਤੀ ਫੌਜ ਦੇ ਇਕ ਕਰਨਲ ਸਣੇ 20 ਫੌਜੀ ਸ਼ਹੀਦ ਹੋ ਗਏ। ਪਿਛਲੇ 5 ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਵਿਚ ਹੋਏ ਇਸ ਸਭ ਤੋਂ ਵੱਡੇ ਫੌਜੀ ਟਕਰਾਅ ਕਾਰਨ ਖੇਤਰ ਵਿਚ ਸਰਹੱਦ 'ਤੇ ਪਹਿਲਾਂ ਤੋਂ ਜਾਰੀ ਗਤੀਰੋਧ ਹੋਰ ਭੜਕ ਗਿਆ ਹੈ। 


Lalita Mam

Content Editor

Related News