ਜਥੇਦਾਰ ਰਘਬੀਰ ਸਿੰਘ ਅਤੇ ਸੁਲਤਾਨ ਸਿੰਘ ਦਾ ਇਟਲੀ 'ਚ ਗੋਲਡ ਮੈਡਲਾਂ ਨਾਲ ਸਨਮਾਨ
Monday, Apr 14, 2025 - 10:26 AM (IST)

ਮਿਲਾਨ, ਇਟਲੀ (ਸਾਬੀ ਚੀਨੀਆ) : ਸਿੱਖ ਕੌਮ ਦੀਆਂ ਮਹਾਨ ਸ਼ਖਸੀਅਤਾਂ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦਾ ਇਟਲੀ ਵਿੱਚ ਵੱਸਦੀਆਂ ਸਿੱਖ ਸੰਗਤਾਂ ਵੱਲੋਂ ਗੋਲਡ ਮੈਡਲਾਂ ਨਾਲ ਸਨਮਾਨ ਕੀਤਾ ਗਿਆ। ਉਨ੍ਹਾਂ ਨੂੰ ਇਹ ਵਿਸ਼ੇਸ਼ ਸਨਮਾਨ ਉਨਾਂ ਦੀਆਂ ਪੰਥ ਪ੍ਰਤੀ ਨਿਭਾਈਆਂ ਜਾ ਰਹੀਆਂ ਜ਼ਿੰਮੇਵਾਰੀਆਂ ਅਤੇ ਸੇਵਾ ਕਾਰਜਾਂ ਨੂੰ ਧਿਆਨ ਵਿੱਚ ਰੱਖ ਕੇ ਦਿੱਤਾ ਗਿਆ ਹੈ।
ਇਟਲੀ ਵਿੱਚ ਵੱਸਦੇ ਸਿੱਖ ਧਰਮ ਨੂੰ ਕਾਨੂੰਨੀ ਤੌਰ 'ਤੇ ਮਾਨਤਾ ਦਿਵਾਉਣ ਲਈ ਸੰਘਰਸ਼ ਕਰ ਰਹੀ ਕਮੇਟੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਗਿਆਨੀ ਰਘਬੀਰ ਸਿੰਘ ਅਤੇ ਸੁਲਤਾਨ ਸਿੰਘ ਨੂੰ ਇੱਥੋਂ ਦੇ ਗੁਰਦੁਆਰਾ ਸਿੰਘ ਸਭਾ ਬੁਲਜਾਨੋ ਵਿਖੇ ਗੋਲਡ ਮੈਡਲਾਂ ਨਾਲ ਸਨਮਾਨਿਤ ਕਰਦਿਆਂ ਹੋਇਆਂ ਆਖਿਆ ਹੈ ਕਿ ਜਥੇਦਾਰ ਸਾਹਿਬ ਨੇ ਹਮੇਸ਼ਾ ਹੀ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਉਨ੍ਹਾਂ ਨੇ ਹਮੇਸ਼ਾ ਹੀ ਸਿੱਖ ਅਤੇ ਸਿੱਖੀ ਦੀ ਚੜ੍ਹਦੀ ਕਲਾ ਲਈ ਕਾਰਜ ਕੀਤੇ ਗਏ ਹਨ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਟਲੀ ਦੀਆਂ ਸਿੱਖ ਸੰਗਤਾਂ ਵੱਲੋਂ ਉਹਨਾਂ ਨੂੰ ਇਹ ਮਾਣ-ਸਨਮਾਨ ਭੇਂਟ ਕੀਤਾ ਗਿਆ।
ਇਸ ਮੌਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਪ੍ਰਧਾਨ ਰਵਿੰਦਰਜੀਤ ਸਿੰਘ ਜੀ ਬਲਜਾਨੋ, ਗੁਰਦੁਆਰਾ ਸਿੰਘ ਸਭਾ ਫਲੈਰੋ ਦੇ ਪ੍ਰਧਾਨ ਸੁਰਿੰਦਰਜੀਤ ਸਿੰਘ ਪੰਡੋਰੀ, ਭਾਈ ਬਲਕਾਰ ਸਿੰਘ, ਭਾਈ ਜੁਝਾਰ ਸਿੰਘ ਅਤੇ ਹਰਕੀਤ ਸਿੰਘ ਮਾਧੋ ਝੰਡਾ ਆਦਿ ਨਾਮੀ ਸ਼ਖਸੀਅਤਾਂ ਮੌਜੂਦ ਸਨ, ਜਿਨ੍ਹਾਂ ਵੱਲੋਂ ਸਿੰਘ ਸਾਹਿਬ ਨੂੰ ਗੁਰਦੁਆਰਾ ਸਿੰਘ ਸਭਾ ਬਲਜਾਨੋ ਵਿਖੇ ਪਹੁੰਚਣ 'ਤੇ ਜੀ ਆਇਆਂ ਆਖਣ ਤੋਂ ਬਾਅਦ ਉਹਨਾਂ ਦਾ ਗੋਲਡ ਮੈਡਲਾਂ ਨਾਲ ਸਨਮਾਨ ਕੀਤਾ ਗਿਆ।
ਇਸ ਮੌਕੇ ਸਿੰਘ ਸਾਹਿਬਾਨ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਇਆਂ ਜਿੱਥੇ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ, ਉੱਥੇ ਹੀ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਤੁਸੀਂ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਸਜੋ ਅਤੇ ਆਪਣੇ ਦੇਸ਼ ਅਤੇ ਕੌਮ ਦੀ ਬਿਹਤਰੀ ਲਈ ਹਮੇਸ਼ਾ ਅਜਿਹੇ ਕਾਰਜ ਕਰੋ ਜਿਨ੍ਹਾਂ ਨਾਲ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਹੋ ਸਕੇ। ਇਸ ਦੌਰਾਨ ਸਿੰਘ ਸਾਹਿਬਾਨ ਨੇ ਛੋਟੇ-ਛੋਟੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੂੰ ਗੁਰਮਿਤ ਗਿਆਨ ਦੀਆਂ ਗੱਲਾਂ ਦੱਸੀਆਂ ਅਤੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦਿਆਂ ਆਖਿਆ ਕਿ ਬੱਚੇ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8