ਇਟਲੀ : ਰੋਮ ਨੇੜੇ ਜ਼ਮੀਨ ਖਿਸਕਣ ਕਾਰਨ 3 ਮੰਜ਼ਿਲਾ ਇਮਾਰਤ ਧੱਸੀ, 1 ਦੀ ਮੌਤ, ਕਈ ਜ਼ਖ਼ਮੀ
Sunday, Feb 15, 2026 - 07:03 PM (IST)
ਰੋਮ, (ਦਲਵੀਰ ਸਿੰਘ ਕੈਂਥ)- ਪਿਛਲੇ ਕਈ ਦਿਨਾਂ ਤੋਂ ਇਟਲੀ ਭਰ ਵਿੱਚ ਚੱਲ ਰਿਹਾ ਖਰਾਬ ਮੌਸਮ, ਤੇਜ਼ ਹਵਾਵਾਂ ਤੇ ਭਾਰੀ ਮੀਂਹ ਲੋਕਾਂ ਦੇ ਜਨ ਜੀਵਨ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕਰ ਰਿਹਾ ਹੈ। ਇਟਲੀ ਦੇ ਸਚੀਲੀਆ, ਕੈਲਾਬਰੀਆ, ਸਰਦੇਨੀਆਂ ਤੇ ਲਾਸੀਓ ਸੂਬੇ ਦੇ ਕਈ ਇਲਾਕਿਆਂ ਵਿੱਚ ਜਿੱਥੇ ਮੀਂਹ ਦੇ ਪਾਣੀ ਕਾਰਨ ਲੋਕਾਂ ਦਾ ਜਿਉਣਾ ਮੁਹਾਲ ਹੋਇਆ ਉੱਥੇ ਸਚੀਲੀਆ ਤੇ ਲਾਸੀਓ ਸੂਬੇ ਦੇ ਵਿੱਚ ਕੁਝ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਨਾਲ ਲੋਕਾਂ ਦਾ ਵੱਡੇ ਪੱਧਰ 'ਤੇ ਮਾਲੀ ਨੁਕਸਾਨ ਹੋਣ ਦੇ ਨਾਲ ਇੱਕ ਵਿਅਕਤੀ ਦੀ ਮੌਤ ਤੇ ਕਈ ਲੋਕਾਂ ਦੇ ਜਖ਼ਮੀ ਹੋਣ ਦੀਆਂ ਘਟਨਾਵਾਂ ਵੀ ਸਾਹਮ੍ਹਣੇ ਆ ਰਹੀਆਂ ਹਨ।
ਜਾਣਕਾਰੀ ਅਨੁਸਾਰ ਖਰਾਬ ਮੌਸਮ ਕਾਰਨ ਸਚੀਲੀਆ ਵਿੱਚ ਹਾਲਾਤ ਪਹਿਲਾਂ ਹੀ ਖਰਾਬ ਸਨ ਤੇ ਹੁਣ ਦੱਖਣ ਇਟਲੀ ਦੇ ਕਲਾਬਰੀਆ ਸੂਬੇ ਵਿੱਚ ਸਥਿਤੀ ਨਾਜ਼ੁਕ ਬਣੀ ਹੋਈ ਹੈ। ਬੀਤੀ ਰਾਤ ਕੋਸੈਂਸਾ ਤਾਇਰੇਨੀਅਨ ਤੱਟ 'ਤੇ ਅਤੇ ਆਰੋਨ, ਮਰਕੌਂਡੇ ਤੇ ਮੈਡਾਲੇਨਾ ਨਦੀਆਂ ਵਿੱਚ ਮੀਂਹ ਕਾਰਨ ਪਾਣੀ ਓਵਰਫਲੋ ਹੈ ਇੱਥੋਂ ਦੇ ਸਥਾਨਕ ਮੇਅਰ ਨੇ ਸਰਕਾਰ ਨੂੰ ਇਲਾਕੇ ਵਿੱਚ ਕੁਦਰਤੀ ਆਫਤ ਦੀ ਸਥਿਤੀ ਘੋਸ਼ਿਤ ਕਰਨ ਲਈ ਗੁਜ਼ਾਰਸ ਕੀਤੀ ਹੈ। ਇਸ ਤਰ੍ਹਾਂ ਹੀ ਲਾਸੀਓ ਸੂਬੇ ਦੇ ਫਿਊਮਿਚੀਨੋ (ਰੋਮ) ਨਗਰ ਪਾਲਿਕਾ ਵਿੱਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਨੇ ਲੋਕਾਂ ਦੇ ਘਰਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ। ਫਾਰਮੇਲੋ ਖੇਤਰ ਵਿੱਚ ਮੀਂਹ ਕਾਰਨ ਇੱਕ 3 ਮੰਜ਼ਿਲਾ ਇਮਾਰਤ ਜ਼ਮੀਨ ਖਿਸਕਣ ਕਾਰਨ ਥੱਲੇ ਨੂੰ ਧੱਸ ਗਈ ਜਿਸ ਕਾਰਨ ਜਿੱਥੇ ਇੱਕ 58 ਸਾਲਾ ਵਿਅਕਤੀ ਦੀ ਮੌਤ ਹੋ ਗਈ। ਉੱਥੇ ਕਈ ਹੋਰ ਇਮਾਰਤ ਵਿੱਚ ਰਹਿਣ ਵਾਲੇ ਲੋਕ ਗੰਭੀਰ ਜ਼ਖ਼ਮੀ ਹੋ ਗਏ ਜਿਹੜੇ ਇੱਕ ਹਸਤਪਾਲ ਵਿੱਚ ਜ਼ੇਰੇ ਇਲਾਜ਼ ਹਨ।

ਇਟਲੀ ਤੇ ਯੂਰਪ ਵਿੱਚ ਮੌਸਮ ਨੂੰ ਲੈ ਕੇ ਵਾਪਰ ਰਹੀਆਂ ਘਟਨਾਵਾਂ ਪ੍ਰਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਕਾਰਨ ਪੈਦਾ ਹੋਇਆ ਜਲਵਾਯੂ ਸੰਕਟ ਗਰਮ ਹਵਾਵਾਂ, ਸੋਕੇ, ਤੇਜ਼ ਤੂਫਾਨ ਅਤੇ ਹੜ੍ਹ ਵਰਗੀਆਂ ਅਤਿਅੰਤ ਮੌਸਮੀ ਘਟਨਾਵਾਂ ਨੂੰ ਵਾਰ-ਵਾਰ ਤੇ ਤੀਬਰ ਬਣਾ ਰਿਹਾ ਹੈ। ਹਾਲਾਂਕਿ ਗ੍ਰੀਨ ਹਾਊਸ ਗੈਸਾਂ ਦੇ ਬਹੁਤ ਸਾਰ ਸਰੋਤ ਹਨ ਜੋ ਗਲੋਬਲ ਹੀਟਿੰਗ ਦਾ ਕਾਰਨ ਬਣ ਰਹੇ ਹਨ ਫਿਰ ਵੀ ਮੁੱਖ ਕਾਰਨ ਤੇਲ, ਗੈਸ ਅਤੇ ਕੋਲੇ ਵਰਗੇ ਜੈਵਿਕ ਇੰਧਨ ਸਾੜਨਾ ਹੈ ਜਿਹਨਾਂ ਦੀ ਵਿਕਰੀ ਦੁਨੀਆਂ ਦੇ ਊਰਜਾ ਦਿੱਗਜਾਂ ਲਈ ਭਾਰੀ ਮੁਨਾਫ਼ਾ ਪੈਦਾ ਕਰਦੀ ਹੈ ਪਰ ਮਨੁੱਖੀ ਜਿੰਦਗੀ ਲਈ ਕਾਲ ਬਣਦੀ ਨਜ਼ਰ ਆ ਰਹੀ ਹੈ ।
