ਕੋਰੋਨਾ ਆਫ਼ਤ ਦੌਰਾਨ ਸਿੰਗਾਪੁਰ ਨੇ ਲਾਇਆ ਇਕ ਮਹੀਨੇ ਲਈ ਲਾਕਡਾਊਨ, ਸਖ਼ਤ ਪਾਬੰਦੀਆਂ ਲਾਗੂ

05/14/2021 2:35:27 PM

ਇੰਟਰਨੈਸ਼ਨਲ ਡੈਸਕ : ਸਿੰਗਾਪੁਰ ’ਚ ਕੋਰੋਨਾ ਦੇ ਵਧਦੇ ਹੋਏ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਨੇ ਉਥੇ ਇਕ ਮਹੀਨੇ ਦਾ ਲਾਕਡਾਊਨ ਲਾਉਣ ਦਾ ਐਲਾਨ ਕੀਤਾ ਹੈ। ਸਿੰਗਾਪੁਰ ’ਚ 16 ਮਈ ਤੋਂ ਲੈ ਕੇ 13 ਜੂਨ ਤਕ ਲਾਕਡਾਊਨ ਰਹੇਗਾ। ਇਸ ਦੇ ਨਾਲ ਹੀ ਸਿੰਗਾਪੁਰ ’ਚ ਸਖਤ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਲੋਕਾਂ ਦੇ ਇਕੱਠੇ ਹੋਣ ਤੇ ਗਤੀਵਿਧੀਆਂ ’ਤੇ ਪਾਬੰਦੀਆਂ ਸ਼ੁੱਕਰਵਾਰ ਤੋਂ ਸਖਤ ਕਰ ਦਿੱਤੀਆਂ। ਸਿੱਖਿਆ ਮੰਤਰੀ ਲਾਰੈਂਸ ਵੋਂਗ ਨੇ ਕਿਹਾ ਕਿ ਸਮੂਹ ’ਚ ਇਕੱਠੇ ਹੋਣ ਵਾਲੇ ਲੋਕਾਂ ਦੀ ਗਿਣਤੀ 5 ਲੋਕਾਂ ਤੋਂ ਘਟਾ ਕੇ 2 ਲੋਕਾਂ ਤਕ ਕਰ ਦਿੱਤੀ ਜਾਵੇਗੀ। ਚੈਨਲ ਨਿਊਜ਼ ਏਸ਼ੀਆ ਨੇ ਦੱਸਿਆ ਕਿ ਇਹ ਕਦਮ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਚੁੱਕਿਆ ਗਿਆ ਹੈ ਕਿ ਕੋਵਿਡ-19 ਦੇ ਜ਼ਿਆਦਾਤਰ ਮਾਮਲੇ ਚਾਂਗੀ ਹਵਾਈ ਅੱਡੇ, ਸਕੂਲ ਅਤੇ ਹਸਪਤਾਲਾਂ ਨਾਲ ਸਬੰਧਤ ਸਨ। ਵੋਂਗ ਨੇ ਇੱਕ ਪ੍ਰੈੱਸ ਕਾਨਫਰੰਸ ’ਚ ਕਿਹਾ, “ਜੇ ਤੁਸੀਂ ਕਰਿਆਨਾ, ਕਸਰਤ ਜਾਂ ਕੁਝ ਵੀ ਖਰੀਦਣ ਲਈ ਬਾਹਰ ਜਾਂਦੇ ਹੋ, ਤਾਂ ਵੱਧ ਤੋਂ ਵੱਧ ਦੋ ਲੋਕਾਂ ਨੂੰ ਇਕੱਠੇ ਹੋਣ ਦਿੱਤਾ ਜਾਵੇਗਾ।’’

ਉਸ ਨੇ ਕਿਹਾ, ‘‘ਅਸੀਂ ਸਾਰਿਆਂ ਨੂੰ ਵੱਧ ਤੋਂ ਵੱਧ ਘਰ ’ਚ ਰਹਿਣ ਲਈ ਪ੍ਰੇਰਿਤ ਕਰਦੇ ਹਾਂ, ਸਿਰਫ ਲੋੜ ਪੈਣ ’ਤੇ ਹੀ ਘਰ ਤੋਂ ਬਾਹਰ ਜਾਣ।’’ ਆਮ ਤੌਰ ’ਤੇ ਅਸੀਂ ਹੋਰ ਸਖਤ ਕਦਮ ਚੁੱਕਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰਾਂਗੇ।’’ ਸਿਹਤ ਮੰਤਰਾਲੇ ਨੇ ਇੱਕ ਵੱਖਰੇ ਪ੍ਰੈੱਸ ਬਿਆਨ ਵਿੱਚ ਕਿਹਾ, “ਦੋ ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ ਭਾਵੇਂ ਉਹ ਆਪਣੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਨੂੰ ਘਰ ਜਾਂ ਕਿਸੇ ਜਨਤਕ ਜਗ੍ਹਾ ’ਤੇ ਮਿਲ ਰਹੇ ਹੋਣ।” ਇਸ ’ਚ ਕਿਹਾ ਗਿਆ ਹੈ ਕਿ ਇਸ ਸਮੇਂ ਦੌਰਾਨ ਇੱਕ ਬੰਦ ਜਗ੍ਹਾ ’ਚ ਕਸਰਤ ਅਤੇ ਖੇਡਾਂ ਦੀਆਂ ਗਤੀਵਿਧੀਆਂ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਫਿਲਹਾਲ ਡਾਕਟਰੀ ਅਤੇ ਦੰਦਾਂ ਦੇ ਇਲਾਜ ਦੀਆਂ ਸੇਵਾਵਾਂ ਜਾਰੀ ਰਹਿ ਸਕਦੀਆਂ ਹਨ। ਸਿੰਗਾਪੁਰ ਦੇ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਕਮਿਊਨਿਟੀ ਇਨਫੈਕਸ਼ਨ ਦੇ 24 ਕੇਸਾਂ ਦੀ ਰਿਪੋਰਟ ਕੀਤੀ, ਜੋ ਸਤੰਬਰ ਤੋਂ ਬਾਅਦ ਦੀ ਸਭ ਤੋਂ ਵੱਡੀ ਗਿਣਤੀ ਹੈ। ਦੇਸ਼ ’ਚ ਹੁਣ ਤੱਕ ਕੋਰੋਨਾ ਵਾਇਰਸ ਦੇ 61,000 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 31 ਲੋਕਾਂ ਦੀ ਮੌਤ ਹੋ ਚੁੱਕੀ ਹੈ।


Manoj

Content Editor

Related News