ਸਿੰਗਾਪੁਰ: ਘਰੇਲੂ ਸਹਾਇਕਾ ਨੂੰ ''ਤੇ ਤਸ਼ੱਦਦ ਕਰਨ ਦੇ ਦੋਸ਼ ''ਚ ਭਾਰਤੀ ਔਰਤ ਨੂੰ 14 ਸਾਲ ਦੀ ਜੇਲ੍ਹ
Monday, Jan 09, 2023 - 03:38 PM (IST)
ਸਿੰਗਾਪੁਰ (ਭਾਸ਼ਾ) : ਸਿੰਗਾਪੁਰ ਦੀ ਅਦਾਲਤ ਨੇ ਭਾਰਤੀ ਮੂਲ ਦੀ 64 ਸਾਲਾ ਔਰਤ ਨੂੰ ਘਰੇਲੂ ਸਹਾਇਕਾ ’ਤੇ ਤਸ਼ੱਦਦ ਕਰਨ ਵਿੱਚ ਆਪਣੀ ਧੀ ਦੀ ਮਦਦ ਕਰਨ ਦੇ ਦੋਸ਼ ਵਿੱਚ 14 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਘਰੇਲੂ ਸਹਾਇਕਾ ਦੀ ਸਾਲ 2016 ਵਿੱਚ ਦਿਮਾਗੀ ਸੱਟ ਕਾਰਨ ਮੌਤ ਹੋ ਗਈ ਸੀ। ਅਦਾਲਤ ਨੇ ਨਵੰਬਰ 2021 ਵਿੱਚ ਪ੍ਰੇਮਾ ਐਸ ਨਰਾਇਣਸਾਮੀ ਨੂੰ 48 ਮਾਮਲਿਆਂ ਵਿੱਚ ਦੋਸ਼ੀ ਪਾਇਆ, ਜਿਨ੍ਹਾਂ ਵਿਚ ਜ਼ਿਆਦਾਤਰ ਮਿਆਂਮਾਰ ਦੇ ਨਾਗਰਿਕ, ਘਰੇਲੂ ਸਹਾਇਕਾ ਪਿਆਂਗ ਨਗਾਈਹ ਡੌਨ ਨੂੰ ਸੱਟ ਪਹੁੰਚਾਉਣ ਨਾਲ ਸਬੰਧਤ ਹਨ। ਪ੍ਰੇਮਾ ਦੀ ਧੀ ਗਾਇਤਰੀ ਮੁਰੂਗਨ (41) ਨੂੰ ਅਦਾਲਤ ਨੇ ਸਾਲ 2021 ਵਿੱਚ 30 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਸੀ, ਜੋ ਸਿੰਗਾਪੁਰ ਦੇ ਇਤਿਹਾਸ ਵਿੱਚ ਘਰੇਲੂ ਸਹਾਇਕਾ ਨਾਲ ਦੁਰਵਿਵਹਾਰ ਕਰਨ ਲਈ ਸਭ ਤੋਂ ਵੱਧ ਸਜ਼ਾ ਹੈ।
26 ਜੁਲਾਈ, 2016 ਨੂੰ 14 ਮਹੀਨਿਆਂ ਦੇ ਲਗਾਤਾਰ ਤਸ਼ੱਦਦ ਦੇ ਨਤੀਜੇ ਵਜੋਂ ਗਰਦਨ 'ਤੇ ਸੱਟ ਲੱਗਣ ਕਾਰਨ ਡੌਨ ਦੀ ਮੌਤ ਹੋ ਗਈ ਸੀ। ਚੈਨਲ ਨਿਊਜ਼ ਏਸ਼ੀਆ ਦੇ ਅਨੁਸਾਰ, ਪ੍ਰੇਮਾ ਘਰੇਲੂ ਸਹਾਇਕਾ ਨੂੰ ਪਾਣੀ ਡੋਲ੍ਹਣ, ਲੱਤ ਮਾਰਨ, ਮੁੱਕਾ ਮਾਰਨ, ਗਲਾ ਘੁੱਟਣ, ਵਾਲ ਖਿੱਚਣ ਵਰਗੇ ਤਸ਼ੱਦਦਾਂ ਵਿੱਚ ਧੀ ਦਾ ਸਾਥ ਦਿੰਦੀ ਸੀ। ਚੈਨਲ ਮੁਤਾਬਕ ਮੁਲਜ਼ਮ ਘਰੇਲੂ ਸਹਾਇਕ ਨੂੰ ਕੜਛੀ ਅਤੇ ਬੋਤਲਾਂ ਨਾਲ ਕੁੱਟਦੇ ਸਨ।
ਖ਼ਬਰ ਮੁਤਾਬਕ ਮਾਂ-ਧੀ ਦੇ ਤਸ਼ੱਦਦਾਂ ਕਾਰਨ ਘਰੇਲੂ ਸਹਾਇਕਾ ਦਾ ਵਜ਼ਨ ਮਈ 2015 ਵਿੱਚ ਉਨ੍ਹਾਂ ਨਾਲ ਕੰਮ ਸ਼ੁਰੂ ਕਰਨ ਦੌਰਾਨ 39 ਕਿਲੋ ਤੋਂ ਘੱਟ ਕੇ 24 ਕਿਲੋਗ੍ਰਾਮ ਰਹਿ ਗਿਆ ਸੀ। ਚੈਨਲ ਮੁਤਾਬਕ ਮੌਤ ਤੋਂ ਕੁਝ ਦਿਨ ਪਹਿਲਾਂ ਉਸ ਨੂੰ ਕੂੜੇ ਤੋਂ ਖਾਣਾ ਖਾਣ ਦੀ ਕੋਸ਼ਿਸ਼ ਕਰਨ 'ਤੇ ਰਾਤ ਨੂੰ ਖਿੜਕੀ ਨਾਲ ਬੰਨ੍ਹ ਦਿੱਤਾ ਗਿਆ ਸੀ। ਇਸਤਗਾਸਾ ਪੱਖ ਨੇ ਪ੍ਰੇਮਾ ਲਈ 14 ਤੋਂ 16 ਸਾਲ ਦੀ ਕੈਦ ਦੀ ਮੰਗ ਕੀਤੀ ਸੀ। ਡਿਪਟੀ ਪਬਲਿਕ ਪ੍ਰੌਸੀਕਿਊਟਰ ਸੇਥਿਲਕੁਮਾਰਨ ਸਬਾਪਥੀ ਨੇ ਕਿਹਾ ਕਿ ਸਜ਼ਾ ਦੀ ਮੰਗ ਕਰਨ ਦਾ ਕਾਰਨ ਉਨ੍ਹਾਂ ਵੱਲੋਂ ਕੀਤੇ ਗਏ ਅਪਰਾਧ ਦਾ "ਹੈਰਾਨ ਕਰਨ ਵਾਲਾ ਅਤੇ ਭਿਆਨਕ ਸੁਭਾਅ" ਹੈ।