ਕੋਰੋਨਾ ਆਫ਼ਤ : ਵਿਦੇਸ਼ੀ ਵਰਕਰਾਂ ਨੂੰ ਵਾਪਸ ਭੇਜੇਗਾ ਸਿੰਗਾਪੁਰ ਦਾ ''ਮੁਸਤਫਾ ਸੈਂਟਰ''

Monday, Aug 31, 2020 - 06:09 PM (IST)

ਕੋਰੋਨਾ ਆਫ਼ਤ : ਵਿਦੇਸ਼ੀ ਵਰਕਰਾਂ ਨੂੰ ਵਾਪਸ ਭੇਜੇਗਾ ਸਿੰਗਾਪੁਰ ਦਾ ''ਮੁਸਤਫਾ ਸੈਂਟਰ''

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਭਾਰਤੀ ਮੂਲ ਦੀ ਸਭ ਤੋ ਵੱਡੀ 'ਹਾਇਪਰਮਾਰਕੀਟ' 'ਮੁਸਤਫਾ ਸੈਂਟਰ' ਨੇ ਸੋਮਵਾਰ ਨੂੰ ਕਿਹਾ ਕਿ ਕੋਵਿਡ-19 ਦੇ ਕਾਰਨ ਵਪਾਰ ਪ੍ਰਭਾਵਿਤ ਹੋਣ ਕਾਰਨ ਉਹ ਆਪਣੇ ਉਹਨਾਂ ਵਿਦੇਸ਼ੀ ਕਰਮਚਾਰੀਆਂ ਨੂੰ ਵਾਪਸ ਭੇਜ ਦੇਵੇਗਾ, ਜਿਹਨਾਂ ਦੇ 'ਵਰਕ ਪਾਸ' ਦੀ ਮਿਆਦ ਖਤਮ ਹੋ ਚੁੱਕੀ ਹੈ। ਇਹਨਾਂ ਕਰਮਚਾਰੀਆਂ ਵਿਚ ਜ਼ਿਆਦਾਤਰ ਭਾਰਤੀ ਨਾਗਰਿਕ ਹਨ। ਇਕ ਸੁਪਰਮਾਰਕੀਟ ਅਤੇ ਡਿਪਾਰਟਮੈਂਟਲ ਸਟੋਰ ਦੇ ਸੁਮੇਲ ਵਾਲੇ ਵੱਡੇ ਸਟੋਰ ਨੂੰ 'ਹਾਇਪਰਮਾਰਕੀਟ' ਕਹਿੰਦੇ ਹਨ। 

ਮੀਡੀਆ ਖਬਰਾਂ ਦੇ ਮੁਤਾਬਕ ਕੰਪਨੀ ਉਹਨਾਂ ਕਰਮਚਾਰੀਆਂ ਨੂੰ ਗੁਜ਼ਾਰਾ ਭੱਤਾ ਦੇਣਾ ਵੀ ਬੰਦ ਕਰ ਦੇਵੇਗੀ, ਜਿਹਨਾਂ ਨੂੰ ਕੰਮ ਕਰਨ ਲਈ ਨਹੀਂ ਬੁਲਾਇਆ ਗਿਆ ਹੈ ਅਤੇ ਕਰਮਚਾਰੀਆਂ ਦੇ ਇਸ ਸਮੂਹ ਨੂੰ ਰੋਜ਼ੀ-ਰੋਟੀ ਲਈ ਕੋਈ ਦੂਜਾ ਰੋਜ਼ਗਾਰ ਲੱਭਣ ਲਈ ਵੀ ਕਿਹਾ ਗਿਆ ਹੈ। ਪ੍ਰੰਬਧਕ ਨਿਦੇਸ਼ਕ ਅਤੇ ਸੰਸਥਾਪਕ ਮੁਸਤਾਕ ਅਹਿਮਦ ਨੇ 'ਮੁਸਤਫਾ ਸਮੂਹ' ਅਤੇ ਉਸ ਨਾਲ ਜੁੜੀਆਂ ਕੰਪਨੀਆਂ ਦੇ ਕਰਮਚਾਰੀਆਂ ਨੂੰ ਇਕ ਚਿੱਠੀ ਵਿਚ ਕਿਹਾ ਕਿ ਕੰਪਨੀ ਆਪਣੇ ਵਿਦੇਸ਼ੀ ਕਰਮਚਾਰੀਆਂ ਦੇ ਵਰਕ ਪਾਸ ਦਾ ਨਵੀਨੀਕਰਨ ਕਰਾਉਣ ਵਿਚ ਅਸਮਰੱਥ ਹੈ ਅਤੇ ਉਹਨਾਂ ਨੂੰ ਘਰ ਵਾਪਸ ਜਾਣ ਦੀ ਟਿਕਟ ਦੇ ਪੈਸੇ ਦੇਵੇਗੀ। 

ਪੜ੍ਹੋ ਇਹ ਅਹਿਮ ਖਬਰ- ਤੁਰਕੀ ਨੇ 51 ਪਾਕਿ ਨਾਗਰਿਕਾਂ ਨੂੰ ਕੀਤਾ ਡਿਪੋਰਟ

ਸੋਸ਼ਲ ਮੀਡੀਆ 'ਤੇ ਐਤਵਾਰ ਨੂੰ ਜਾਰੀ ਇਸ ਚਿੱਠੀ ਵਿਚ 27 ਅਗਸਤ ਦੀ ਤਰੀਕ ਅੰਕਿਤ ਹੈ। ਅਹਿਮਦ ਨੇ ਕਿਹਾ ਕਿ ਕਰਮਚਾਰੀਆਂ ਨੂੰ ਇਕ ਮਹੀਨੇ ਦੀ ਤਨਖਾਹ ਵੀ ਦਿੱਤੀ ਜਾਵੇਗੀ। 'ਸਟ੍ਰੇਟਸ ਟਾਈਮਜ਼' ਨੇ ਅਹਿਮਦ ਦੇ ਹਵਾਲੇ ਨਾਲ ਕਿਹਾ,''ਸਾਨੂੰ ਇਹ ਫੈਸਲਾ ਲੈਣ ਦਾ ਅਫਸੋਸ ਹੈ ਪਰ ਆਸ ਕਰਦੇ ਹਾਂ ਕਿ ਵਪਾਰ ਜਲਦੀ ਹੀ ਪਟੜੀ 'ਤੇ ਦੁਬਾਰਾ ਪਰਤੇਗਾ।'' ਮੁਸਤਫਾ ਸੈਂਟਰ ਵਿਚ ਵੇਚੇ ਜਾਣ ਵਾਲੇ ਪਦਾਰਥਾਂ ਦਾ ਇਕ ਵੱਡਾ ਹਿੱਸਾ ਭਾਰਤੀ ਮੂਲ ਦਾ ਹੈ ਜਦਕਿ ਇਹ ਇਲੈਕਟ੍ਰੋਨਿਕਸ ਉਤਪਾਦਾਂ ਸਮੇਤ ਹੋਰ ਗਲੋਬਲ ਬ੍ਰਾਂਡ ਵੀ ਵੇਚਦਾ ਹੈ, ਜੋ ਸਿੰਗਾਪੁਰ ਦੇ ਸੈਲਾਨੀਆਂ ਦੇ ਵਿਚ ਸਭ ਤੋਂ ਲੋਕਪ੍ਰਿਅ ਹੈ।


author

Vandana

Content Editor

Related News