ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਦੇ ਲੋਕਾਂ ਦੀ ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾ ‘ਸਿੱਖਸ ਆਫ ਅਮੈਰੀਕਾ’ ਨੇ ਫ਼ੜੀ ਬਾਂਹ
Wednesday, Aug 20, 2025 - 12:30 PM (IST)

ਵਾਸ਼ਿੰਗਟਨ (ਰਾਜ ਗੋਗਨਾ)- ਪੰਜਾਬ ਦੇ ਜ਼ਿਲ੍ਹਾ ਜਲੰਧਰ ਅਤੇ ਕਪੂਰਥਲਾ ’ਚੋਂ ਲੰਘਦੇ ਸਤਲੁਜ ਦਰਿਆ ਦੇ ਧੁੱਸੀ ਬੰਨ ਦੇ ਨੇੜੇ ਵਸਦੇ ਲੋਕਾਂ ਦੀ ਜਾਨ ਉਦੋਂ ਕੜਿੱਕੀ ਵਿਚ ਫ਼ਸ ਜਾਂਦੀ ਹੈ, ਜਦੋਂ ਵੀ ਕਦੇ ਦਰਿਆ ਚੜਦਾ ਹੈ। ਇਸ ਵਾਰ ਵੀ ਅਜਿਹਾ ਹੀ ਹੋਇਆ, ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਇਲਾਕੇ ਦੇ ਲੋਕ ਹੜ੍ਹ ਦੇ ਪਾਣੀ ਕਾਰਨ ਨਰਕ ਵਰਗਾ ਜੀਵਨ ਬਤੀਤ ਕਰਨ ਲਈ ਮਜਬੂਰ ਹੋਏ ਪਏ ਨੇ ਪਰ ਅਮਰੀਕਾ ਦੀ ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾ ‘ਸਿੱਖਸ ਆਫ਼ ਅਮੈਰੀਕਾ’ ਨੇ ਹਮੇਸ਼ਾ ਦੀ ਤਰ੍ਹਾਂ ਲੋੜਵੰਦਾਂ ਦੀ ਬਾਂਹ ਫ਼ੜਦਿਆਂ ਹੜ੍ਹ ਪੀੜਤਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਈ ਹੈ।
ਸੁਲਤਾਨਪੁਰ ਲੋਧੀ ਲਾਗਲੇ ਪਿੰਡਾਂ ਦੇ ਸੈਂਕੜੇ ਘਰਾਂ ਵਿਚ ਹੜ੍ਹ ਦੇ ਪਾਣੀ ਨੇ ਤਬਾਹੀ ਮਚਾ ਦਿੱਤੀ ਹੈ, ਫ਼ਸਲਾਂ ਤਬਾਹ ਕਰ ਦਿੱਤੀਆਂ ਹਨ, ਜਿਸ ਕਾਰਨ ਪਸ਼ੂਆਂ ਦੇ ਚਾਰੇ ਲਈ ਵੀ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਪਿੰਡ ਵਾਹੋਪੁਰ, ਅਲੀਪੁਰ, ਅੰਮ੍ਰਿਤਪੁਰ ਤੇ ਖਿਜਤਪੁਰ ਦੇ ਲੋਕ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਹਮੇਸ਼ਾ ਦੀ ਤਰ੍ਹਾਂ ਚੇਅਰਮੈਨ ਸ੍ਰ. ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ‘ਸਿੱਖਸ ਆਫ਼ ਅਮੈਰੀਕਾ’ ਨੇ ਇਸ ਇਲਾਕੇ ਵਿਚ ਪਹੁੰਚ ਕਰਦਿਆਂ ਰਾਹਤ ਸਮੱਗਰੀ ਲੋੜਵੰਦਾਂ ਤੱਕ ਪਹੁੰਚਾਉਣ ਦੀ ਕਾਰਵਾਈ ਅਰੰਭ ਕਰ ਦਿੱਤੀ ਹੈ।
‘ਸਿੱਖਸ ਆਫ਼ ਅਮੈਰੀਕਾ’ ਦੀ ਪੰਜਾਬ ਟੀਮ ਨੇ ਉਪਰੋਕਤ ਪਿੰਡਾਂ ਵਿਚ ਲੰਗਰ ਅਤੇ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਕੀਤਾ। ਵਾਲੰਟੀਅਰਾਂ ਨੇ ਦੱਸਿਆ ਕਿ ਜੇਕਰ ਇਹ ਰਾਹਤ ਸਮੱਗਰੀ ਨਾ ਪੁੱਜਦੀ ਤਾਂ ਹਾਲਾਤ ਬਹੁਤ ਹੀ ਮਾੜੇ ਹੋ ਸਕਦੇ ਹਨ। ਚੇਅਰਮੈਨ ਸ੍ਰ. ਜਸਦੀਪ ਸਿੰਘ ਜੱਸੀ ਨੇ ਦੱਸਿਆ ਕਿ ਸਿਰਫ ਰਾਹਤ ਸਮੱਗਰੀ ਹੀ ਨਹੀਂ ਸਗੋਂ ਇਹਨਾਂ ਪੀੜਤਾਂ ਦੇ ਮੁੜ ਵਸੇਬੇ ਲਈ ਵੀ ਉਪਰਾਲੇ ਕੀਤੇ ਜਾਣਗੇ। ਇਸ ਸੇਵਾ ਦੌਰਾਨ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਵਲੋਂ ਵੀ ਸਿੱਖਸ ਆਫ ਅਮੈਰੀਕਾ ਦੇ ਇਸ ਕਾਰਜ ਲਈ ਜਿੱਥੇ ਸਿਫਤ ਕੀਤੀ ਉੱਥੇ ਆਪਣਾ ਅਸ਼ੀਰਵਾਦ ਵੀ ਦਿੱਤਾ ਗਿਆ।