ਡਿਬਰੂਗੜ੍ਹ ਜੇਲ੍ਹ 'ਚ ਬੰਦ ਸਿੰਘਾਂ ਨੂੰ ਸੁਰੱਖਿਅਤ ਪੰਜਾਬ ਲਿਆਂਦਾ ਜਾਵੇ- ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ.
Wednesday, Feb 21, 2024 - 09:32 PM (IST)
ਲੰਡਨ- ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਵੱਲੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਤੰਗ ਪ੍ਰੇਸ਼ਾਨ ਕਰਨ ਅਤੇ ਬਲੈਕਮੇਲ ਕਰਨ ਦੇ ਕੋਝੇ ਇਰਾਦੇ ਨਾਲ ਜੇਲ੍ਹ ਵਿੱਚ ਗੁਪਤ ਵੀਡੀਓ ਕੈਮਰੇ ਫਿਟ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਜੇਲ੍ਹ ਪ੍ਰਸ਼ਾਸ਼ਨ ਦੀ ਇਸ ਘਟੀਆ ਕਰਤੂਤ ਨੂੰ ਮਨੁੱਖੀ ਹੱਕਾਂ ਦਾ ਘੋਰ ਅਪਮਾਨ ਅਤੇ ਘਾਣ ਦੱਸਿਆ ਗਿਆ।
ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਵਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਇਸ ਘਟਨਾ ਲਈ ਕੇਂਦਰ ਦੀਆਂ ਏਜੰਸੀਆਂ ਅਤੇ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਨੂੰ ਜਿੰਮੇਵਾਰ ਠਹਿਰਾਇਆ ਗਿਆ ਹੈ। ਆਗੂਆਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਥੋੜ੍ਹੇ ਸਮੇਂ ਵਿੱਚ ਹੀ ਵੱਡੇ ਪੱਧਰ 'ਤੇ ਸਿੱਖੀ ਦਾ ਪ੍ਰਚਾਰ ਕੀਤਾ, ਜਿਸ ਕਰਕੇ ਵਾਰਿਸ ਪੰਜਾਬ ਦੇ ਆਗੂਆਂ ਨੂੰ ਸਿੱਖ ਵਿਰੋਧੀ ਤਾਕਤਾਂ ਨੇ ਨੈਸ਼ਨਲ ਸਕਿਉਰਟੀ ਐਕਟ ਲਗਾ ਕੇ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ।
ਉਨ੍ਹਾਂ ਨੇ ਕੌਮ ਪ੍ਰਸਤ ਸਿੱਖ ਵਕੀਲਾਂ ਨੂੰ ਸਰਕਾਰ ਦੇ ਇਸ ਘਟੀਆ ਕਾਰਨਾਮੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਾਸਤੇ ਅੱਗੇ ਆਉਣਾ ਲਈ ਆਖਿਆ ਗਿਆ ਹੈ। ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ,, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵੱਲੋਂ ਆਖਿਆ ਗਿਆ ਕਿ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਪੂਰੀ ਸੁਰੱਖਿਆ ਨਾਲ ਪੰਜਾਬ ਲਿਆਂਦਾ ਜਾਵੇ।
ਉਹਨਾਂ ਖਦਸ਼ਾ ਪ੍ਰਗਟ ਕੀਤਾ ਕਿ ਅਤੀਤ ਵਿੱਚ ਭਾਈ ਮਨਬੀਰ ਸਿੰਘ ਚਹੇੜੂ, ਭਾਈ ਤਰਸੇਮ ਸਿੰਘ ਕੋਹਾੜ, ਭਾਈ ਸੁਖਦੇਵ ਸਿੰਘ ਸੁੱਖਾ ਕੋਟ ਮੌਲਵੀ ਸਮੇਤ ਕਈ ਸਿੱਖ ਸੰਘਰਸ਼ ਦੇ ਆਗੂਆਂ ਨੂੰ ਨੈਸ਼ਨਲ ਸਕਿਉਰਟੀ ਐਕਟ ਲਗਾ ਕੇ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਭੇਜਿਆ ਗਿਆ ਸੀ ਅਤੇ ਪੰਜਾਬ ਵਾਪਸੀ ਮੌਕੇ ਉਨ੍ਹਾਂ ਨੰ ਪੁਲਸ ਹਿਰਾਸਤ ਵਿੱਚੋਂ ਉਹਨਾਂ ਦੇ ਫਰਾਰ ਹੋ ਜਾਣ ਜਾਂ ਕਰਾਸ ਫਾਇਰੰਗ ਵਿੱਚ ਮਾਰੇ ਜਾਣ ਦੀਆਂ ਝੂਠੀਆਂ ਕਹਾਣੀਆਂ ਘੜੀਆਂ ਗਈਆਂ ਸਨ। ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਸਰਕਾਰ ਦੇ ਇਸ ਘਟੀਆ ਵਰਤਾਰੇ ਨੂੰ ਵੀ ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦਾ ਜੋ ਉਹ ਪਹਿਲੇ ਸਮਿਆਂ ਵਿੱਚ ਸਿੱਖ ਆਗੂਆਂ ਨਾਲ ਵਰਤਦੀ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e