ਇੰਗਲੈਂਡ ਦੇ ਸਿੱਖਾਂ ਤੇ ਕਸ਼ਮੀਰੀਆਂ ਵੱਲੋਂ ਆਜ਼ਾਦੀ ਦਿਹਾੜੇ ’ਤੇ ਲੰਡਨ ’ਚ ਭਾਰਤੀ ਦੂਤਘਰ ਸਾਹਮਣੇ ਰੋਸ ਮੁਜ਼ਾਹਰਾ

Monday, Aug 15, 2022 - 10:48 PM (IST)

ਲੰਡਨ (ਸਰਬਜੀਤ ਸਿੰਘ ਬਨੂੜ) : ਇੰਗਲੈਂਡ ਦੇ ਸਿੱਖਾਂ ਤੇ ਕਸ਼ਮੀਰੀਆਂ ਨੇ ਭਾਰਤ ਦੀ 75ਵੇਂ ਆਜ਼ਾਦੀ ਦਿਹਾੜੇ ਨੂੰ ਕਾਲੇ ਦਿਨ ਦੇ ਤੌਰ 'ਤੇ ਮਨਾਉਂਦਿਆਂ ਲੰਡਨ ਦੇ ਭਾਰਤੀ ਦੂਤਘਰ ਨੇੜੇ ਭਾਰੀ ਰੋਸ ਮੁਜ਼ਾਹਰਾ ਕੀਤਾ। ਰੋਸ ਮੁਜ਼ਾਹਰੇ 'ਚ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਸਿੱਖ ਤੇ ਕਸ਼ਮੀਰੀ ਭਾਈਚਾਰੇ ਦੇ ਲੋਕ ਸ਼ਾਮਲ ਹੋਏ ਸਨ। ਇਸ ਮੌਕੇ ਭਾਰਤ ਵਿਰੋਧੀ ਨਾਅਰੇ ਅਤੇ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਅਤੇ ਕਸ਼ਮੀਰ ਦੀ ਆਜ਼ਾਦੀ ਦੇ ਹੱਕ ਵਿੱਚ ਨਾਅਰੇ ਲਾਏ ਗਏ। ਰੋਸ ਮੁਜ਼ਾਹਰੇ ਵਿੱਚ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਮੋਦੀ ਸਰਕਾਰ ਦੇ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਤੇ ਕਿਹਾ ਕਿ ਭਾਰਤ ਸਰਕਾਰ ਘੱਟ ਗਿਣਤੀਆਂ ਨੂੰ ਦਬਾਉਣ ਲਈ ਕਾਲੇ ਕਾਨੂੰਨ ਲਿਆ ਰਹੀ ਹੈ ਤੇ ਜ਼ੁਲਮ ਕਰ ਰਹੀ ਹੈ। ਉਨ੍ਹਾਂ ਪੰਜਾਬ ਦੀ ਆਜ਼ਾਦੀ ਲਈ ਸੰਘਰਸ਼ ਜਾਰੀ ਰੱਖਣ ਦਾ ਵੀ ਐਲਾਨ ਕੀਤਾ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਨੇ ਮਚਾਈ ਤਬਾਹੀ, ਅੱਜ 6 ਮਰੀਜ਼ਾਂ ਦੀ ਮੌਤ ਸਮੇਤ ਆਏ ਇੰਨੇ Positive

PunjabKesari

ਆਗੂਆਂ ਦਾ ਮੰਨਣਾ ਹੈ ਕਿ ਭਾਰਤ ਅੰਦਰ ਨਾ ਸਿਰਫ ਵਸਦੇ ਸਿੱਖ ਬਲਕਿ ਕਸ਼ਮੀਰੀ, ਮੁਸਲਮਾਨ ਅਤੇ ਦਲਿਤ ਵੀ ਭਾਰਤ ਸਰਕਾਰ ਦੀਆਂ ਹਿੰਦੂਵਾਦੀ ਨੀਤੀਆਂ ਤੋਂ ਤੰਗ ਹਨ। ਇਸ ਮੌਕੇ ਕਸ਼ਮੀਰੀ ਆਗੂਆਂ ਨੇ ਭਾਰਤ ਵੱਲੋਂ ਧਾਰਾ 370 ਖਤਮ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਵੱਲੋਂ ਸਿੱਖਾਂ ਨਾਲ ਮਿਲ ਕੇ ਸੰਘਰਸ਼ ਕਰਨ ਦੀ ਹਾਮੀ ਭਰੀ ਗਈ। ਰੋਸ ਮੁਜ਼ਾਹਰੇ ਦੌਰਾਨ ਸਾਰਾ ਸਮਾਂ ਖਾਲਿਸਤਾਨ ਪੱਖੀ ਤੇ ਸਿੱਖ ਸ਼ਹੀਦਾਂ ਬਾਰੇ ਨਾਅਰੇ ਲਗਾਤਾਰ ਗੂੰਜਦੇ ਰਹੇ। ਭਾਰਤੀ ਦੂਤਘਰ ਲੰਡਨ ਦੇ ਸਾਹਮਣੇ ਵੱਡੀ ਗਿਣਤੀ ਵਿੱਚ ਖਾਲਿਸਤਾਨੀ ਝੰਡੇ ਲਹਿਰਾਏ ਗਏ। ਇਸ ਮੌਕੇ ਕੁਲਦੀਪ ਸਿੰਘ ਚੇਹੜੂ, ਫੈਡਰੇਸ਼ਨ ਆਗੂ ਭਾਈ ਕੁਲਵੰਤ ਸਿੰਘ ਮੁਠੱਡਾ, ਗੁਰਚਰਨ ਸਿੰਘ ਸਾਊਥਾਲ, ਜਸਪਾਲ ਸਿੰਘ, ਸਰਬਜੀਤ ਸਿੰਘ ਬਰਮਿੰਘਮ, ਬਲਵਿੰਦਰ ਸਿੰਘ ਢਿੱਲੋਂ, ਮਨਪ੍ਰੀਤ ਸਿੰਘ, ਜੋਗਾ ਸਿੰਘ, ਲਵਸਿੰਦਰ ਸਿੰਘ ਡੱਲੇਵਾਲ, ਅਮਰੀਕ ਸਿੰਘ ਸਹੋਤਾ, ਤਰਸੇਮ ਸਿੰਘ ਦਿਓਲ, ਗੁਰਦੇਵ ਸਿੰਘ ਚੌਹਾਨ ਤੇ ਹੋਰ ਬਹੁਤ ਸਾਰੇ ਸਿੱਖ ਆਗੂ ਪਹੁੰਚੇ ਹੋਏ ਸਨ।

ਇਹ ਵੀ ਪੜ੍ਹੋ : 'ਚੀਨੀ ਮਾਂਝਾ' ਸਟੋਰ ਕਰਨ ਦੇ ਦੋਸ਼ 'ਚ ਪੱਛਮੀ ਦਿੱਲੀ ਦੇ ਨਿਹਾਲ ਵਿਹਾਰ ਤੋਂ ਚਾਹ ਵਾਲਾ ਗ੍ਰਿਫ਼ਤਾਰ

PunjabKesari

ਤਿਰੰਗੇ ਦਾ ਹੋਇਆ ਅਪਮਾਨ

ਲੰਡਨ (ਏਜੰਸੀਆਂ) : ਲੰਡਨ ਭਾਰਤੀ ਦੂਤਘਰ ਦੇ ਬਾਹਰ ਆਜ਼ਾਦੀ ਜਸ਼ਨ ਮਨਾਉਣ ਆਏ ਕੁਝ ਭਾਰਤੀ ਸਿੱਖਾਂ ਦਾ ਗਰਮ ਖ਼ਿਆਲੀ ਸਿੱਖਾਂ ਨਾਲ ਝਗੜਾ ਹੋਣ ਤੇ ਜਬਰੀ ਉਨ੍ਹਾਂ ਦੇ ਹੱਥੋਂ ਤਿਰੰਗਾ ਖੋਹਣ ਕਾਰਨ ਮਾਹੌਲ ਗਰਮਾ ਗਿਆ, ਜਿਸ ਕਾਰਨ ਪੁਲਸ ਵਿਚਕਾਰ ਹੱਕ ਤੇ ਖ਼ਿਲਾਫ਼ 'ਚ ਨਾਅਰੇਬਾਜ਼ੀ ਹੋਣ ਦਾ ਸਮਾਚਾਰ ਹੈ। ਇਸੇ ਦੌਰਾਨ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਕੁਝ ਸਿੱਖ ਵੱਲੋਂ ਤਿਰੰਗੇ ਦਾ ਅਪਮਾਨ ਕਰਕੇ ਉਸ ਨੂੰ ਪਾੜ ਕੇ ਅਸਮਾਨ ਵੱਲ ਸੁੱਟ ਦਿੱਤਾ ਗਿਆ, ਜਿਸ ਨੂੰ ਲੰਡਨ ਪੁਲਸ ਵੱਲੋਂ ਆਦਰ ਨਾਲ ਚੁੱਕਿਆ ਗਿਆ। ਖ਼ਬਰ ਲਿਖਣ ਤੱਕ ਭਾਰਤੀ ਦੂਤਘਰ ਵੱਲੋਂ ਤਿਰੰਗੇ ਦਾ ਅਪਮਾਨ ਹੋਣ 'ਤੇ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ। ਕੁਝ ਭਾਰਤੀਆਂ ਨੇ ਕਿਹਾ ਕਿ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਰੋਸ ਮੁਜ਼ਾਹਰੇ ਕਰਨੇ ਸਹੀ ਹਨ ਪਰ ਤਿਰੰਗੇ ਦਾ ਅਪਮਾਨ ਬਰਦਾਸ਼ਤ ਤੋਂ ਬਾਹਰ ਹੈ।

PunjabKesari

ਲੰਡਨ ਭਾਰਤੀ ਦੂਤਘਰ ਦੇ ਬਾਹਰ ਗਰਮ ਖ਼ਿਆਲੀ SFJ ਦੇ ਕਾਰਕੁੰਨਾਂ ਨੇ ਭਾਰਤ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਭਾਰਤੀ ਤਿਰੰਗੇ ਨੂੰ ਪਾੜ ਦਿੱਤਾ ਤੇ ਦੂਤਘਰ ਦੇ ਮੁਲਾਜ਼ਮ ਵੇਖਦੇ ਰਹੇ। ਇਸ ਘਟਨਾ ਨੇ ਭਾਰਤੀਆਂ ਦੇ ਹਿਰਦੇ ਵਲੂੰਧਰ ਦਿੱਤੇ। ਨਾਅਰੇ ਮਾਰਨ ਵਾਲਿਆਂ 'ਚ ਸੁਖਚੈਨ ਸਿੰਘ, ਦਪਿੰਦਰਜੀਤ ਸਿੰਘ, ਤਿਰੰਗਾ ਪਾੜਨ ਵਾਲਾ ਜੀਤਾ ਸਿੰਘ ਡਰਬੀ ਤੇ ਸਾਥੀ ਪਰਮਜੀਤ ਸਿੰਘ ਪੰਮਾ ਸ਼ਾਮਲ ਸਨ।

ਇਹ ਵੀ ਪੜ੍ਹੋ : ਦਿੱਲੀ 'ਚ ਫਿਰ ਕੋਰੋਨਾ ਦਾ ਕਹਿਰ, ਇਸ ਹਫ਼ਤੇ ਹੋਈਆਂ 51 ਮੌਤਾਂ, 6 ਮਹੀਨਿਆਂ 'ਚ ਸਭ ਤੋਂ ਜ਼ਿਆਦਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News