ਸਿੱਖ ਅਫ਼ਸਰ ਦਾ ਲੰਬਾ ਸੰਘਰਸ਼ ਹੋਇਆ ਸਫ਼ਲ, ਅਮਰੀਕੀ ਫ਼ੌਜ ’ਚ ‘ਪੱਗ’ ਬੰਨ੍ਹਣ ਦੀ ਮਿਲੀ ਇਜਾਜ਼ਤ

Monday, Sep 27, 2021 - 06:28 PM (IST)

ਵਾਸ਼ਿੰਗਟਨ (ਬਿਊਰੋ) ਅਮਰੀਕੀ ਸੈਨਾ ਵਿਚ ਕੰਮ ਕਰ ਰਹੇ ਇਕ ਸਿੱਖ ਅਫਸਰ ਨੂੰ ਹੁਣ ਡਿਊਟੀ ਦੌਰਾਨ ਪੱਗ ਬੰਨ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਯੂ.ਐੱਸ. ਮਰੀਨ ਕੋਰਪਸ ਦੇ ਲੈਫਟੀਨੈਂਟ ਸੁਖਬੀਰ ਤੂਰ ਜੋ ਪਿਛਲੇ ਪੰਜ ਸਾਲ ਤੋਂ ਇਸ ਅਧਿਕਾਰ ਲਈ ਸੰਘਰਸ਼ ਕਰ ਰਹੇ ਸਨ, ਉਹਨਾਂ ਨੂੰ ਰੋਜ਼ਾਨਾ ਡਿਊਟੀ ਦੌਰਾਨ ਪੱਗ ਬੰਨ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਨਿਊਯਾਰਕ ਟਾਈਮਜ਼ ਦੀ ਖ਼ਬਰ ਮੁਤਾਬਕ ਮਰੀਨ ਕੋਰਪਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਨੂੰ ਆਪਣੀ ਧਾਰਮਿਕ ਭਾਵਨਾਵਾਂ ਦੇ ਸਨਮਾਨ ਨੂੰ ਦੇਖਦੇ ਹੋਏ ਅਜਿਹੀ ਛੋਟ ਦਿੱਤੀ ਗਈ ਹੈ।

ਲੈਫਟੀਨੈਂਟ ਸੁਖਬੀਰ ਤੂਰ ਦਾ ਕਹਿਣਾ ਹੈ ਕਿ ਹੁਣ ਉਹਨਾਂ ਨੂੰ ਪਹਿਲਾਂ ਦੀ ਤਰ੍ਹਾਂ ਆਪਣੇ ਦੇਸ਼ ਅਤੇ ਆਪਣੀਆਂ ਧਾਰਮਿਕ ਭਾਵਨਾਵਾਂ ਵਿਚੋਂ ਕਿਸੇ ਇਕ ਨੂੰ ਚੁਣਨਾ ਨਹੀਂ ਪਵੇਗਾ। ਉਹ ਦੋਹਾਂ ਨੂੰ ਇਕੱਠੇ ਲੈ ਕੇ ਅੱਗੇ ਵੱਧ ਸਕਦੇ ਹਨ। ਅਮਰੀਕੀ ਸੈਨਾ ਵਿਚ ਲੰਬੇ ਸਮੇਂ ਤੋਂ ਇਸ ਤਰ੍ਹਾਂ ਦਾ ਵਿਵਾਦ ਚੱਲ ਰਿਹਾ ਹੈ ਜਿੱਥੇ ਕਿਸੇ ਸੈਨਿਕ ਨੂੰ ਇਸ ਤਰ੍ਹਾਂ ਦੀ ਛੋਟ ਦੇਣ ਸੰਬੰਧੀ ਚਰਚਾਵਾਂ ਜਾਰੀ ਹਨ। ਅਮਰੀਕਾ ਤੋਂ ਇਲਾਵਾ ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ ਵਿਚ ਹੁਣ ਸਿੱਖ ਸੈਨਿਕਾਂ ਨੂੰ ਇਸ ਤਰ੍ਹਾਂ ਦੀ ਛੋਟ ਦਿੱਤੀ ਗਈ ਹੈ ਪਰ ਅਮਰੀਕਾ ਦੀ ਮਰੀਨ ਕੋਰਪਸ ਦੇ 246 ਸਾਲ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੈ ਜਦੋਂ ਕਿਸੇ ਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਪੜ੍ਹੋ ਇਹ ਅਹਿਮ ਖ਼ਬਰ- ਸਵਿਟਜਰਲੈਂਡ ਦਾ ਇਤਿਹਾਸਿਕ ਫ਼ੈਸਲਾ, ਸਮਲਿੰਗੀ ਜੋੜਿਆਂ ਨੂੰ ਦਿੱਤੀ ਗਈ ਵਿਆਹ ਦੀ ਇਜਾਜ਼ਤ

ਭਾਵੇਂਕਿ ਸਿੱਖ ਅਫਸਰ ਲਈ ਕੁਝ ਨਿਯਮ ਵੀ ਲਾਗੂ ਕੀਤੇ ਗਏ ਹਨ। ਲੈਫਟੀਨੈਂਟ ਤੂਰ ਨੂੰ ਆਪਣੀ ਰੋਜ਼ਾਨਾ ਦੀ ਡਿਊਟੀ ਦੌਰਾਨ ਪੱਗ ਬੰਨ੍ਹਣ ਦੀ ਇਜਾਜ਼ਤ ਹੋਵੇਗੀ ਪਰ ਜੇਕਰ ਉਹਨਾਂ ਦੀ ਡਿਊਟੀ ਕਿਸੇ ਹਿੰਸਾਗ੍ਰਸਤ ਜਗ੍ਹਾ 'ਤੇ ਲੱਗਦੀ ਹੈ ਤਾਂ ਉਹ ਅਜਿਹਾ ਨਹੀਂ ਕਰ ਪਾਉਣਗੇ। ਨਾਲ ਹੀ ਜੇਕਰ ਕਿਸੇ ਯੂਨਿਟ ਦਾ ਸਮਾਰੋਹ ਹੁੰਦਾ ਹੈ ਤਾਂ ਉੱਥੇ ਪੂਰੀ ਵਰਦੀ ਪਾਉਣ ਦੇ ਤਹਿਤ ਪੱਗ ਬੰਨ੍ਹਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ 'ਤੇ ਲੈਫਟੀਨੈਂਟ ਤੂਰ ਦਾ ਕਹਿਣਾ ਹੈ ਕਿ ਹਾਲੇ ਉਹਨਾਂ ਨੂੰ ਇਸ ਮਾਮਲੇ ਵਿਚ ਕੁਝ ਜਿੱਤ ਮਿਲੀ ਹੈ ਪਰ ਅੱਗੇ ਦੀ ਲੜਾਈ ਹਾਲੇ ਜਾਰੀ ਹੈ। ਲੈਫਟੀਨੈਂਟ ਤੂਰ ਨੇ ਸਾਲ 2017 ਵਿਚ ਮਰੀਨ ਜੁਆਇਨ ਕੀਤੀ ਸੀ ਉਦੋਂ ਤੋਂ ਹੀ ਉਹਨਾਂ ਨੂੰ ਪੱਗ ਬੰਨ੍ਹਣ ਨੂੰ ਲੈਕੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।


Vandana

Content Editor

Related News