ਕੈਨੇਡਾ : ਸਿੱਖ ਮੋਟਰਸਾਈਕਲ ਕਲੱਬ ਨੇ ਫਰੰਟਲਾਈਨ ਕਾਮਿਆਂ ਦੀ ਕੀਤੀ ਹੌਂਸਲਾ ਅਫਜ਼ਾਈ

09/15/2020 3:36:42 PM

ਟੋਰਾਂਟੋ- ਕੋਰੋਨਾ ਵਾਇਰਸ ਦੌਰਾਨ ਫਰੰਟਲਾਈਨ ਵਿਚ ਕੰਮ ਕਰਨ ਵਾਲੇ ਕਾਮਿਆਂ ਦੀ ਸਿਫ਼ਤ ਕਰਨੀ ਬਣਦੀ ਹੈ ਤੇ ਕੈਨੇਡਾ ਵਿਚ ਸਿੱਖ ਮੋਟਰਸਾਈਕਲ ਕਲੱਬ ਨੇ ਵੱਖਰੇ ਅੰਦਾਜ਼ ਵਿਚ ਇਨ੍ਹਾਂ ਕਾਮਿਆਂ ਦੀ ਹੌਂਸਲਾ ਅਫਜ਼ਾਈ ਕੀਤੀ। ਉਨ੍ਹਾਂ ਨੇ ਗ੍ਰੇਟਰ ਟੋਰਾਂਟੋ ਏਰੀਏ ਤੋਂ ਸਡਬਰੀ ਤੱਕ ਮੋਟਰਸਾਈਕਲ ਰੈਲੀ ਕੱਢੀ, ਜਿਸ ਵਿਚ 25 ਕੁ ਮੈਂਬਰਾਂ ਨੇ ਹਿੱਸਾ ਲਿਆ। ਉਨ੍ਹਾਂ ਮਾਸਕ ਲਗਾ ਕੇ ਕੋਰੋਨਾ ਹਿਦਾਇਤਾਂ ਦੀ ਵੀ ਪਾਲਣਾ ਕੀਤੀ।

ਇਸ ਦੌਰਾਨ ਉਹ ਓ. ਪੀ. ਪੀ. ਸਟੇਸ਼ਨ, ਸਿਟੀ ਹਾਲ ਵਿਚ ਰੁਕੇ ਅਤੇ ਓਂਟਾਰੀਓ ਸੂਬਾਈ ਪੁਲਸ , ਹੈਲਥ ਸਾਇੰਸ ਨਾਰਥ ਦੇ ਸਟਾਫ, ਗ੍ਰੇਟਰ ਸਡਬਰੀ ਪੁਲਸ ਤੇ ਫਾਇਰ ਫਾਈਟਰਜ਼ ਨੂੰ ਤਖ਼ਤੀਆਂ ਭੇਟ ਕੀਤੀਆਂ। 

ਸਰਜੈਂਟ ਡਰਾਇਲ ਐਡਾਮਜ਼ ਨੇ ਕਿਹਾ ਕਿ ਇਤਿਹਾਸ ਦੇ ਸਭ ਤੋਂ ਨਾਜ਼ੁਕ ਸਮੇਂ ਵਿਚ ਅਜਿਹੇ ਹਾਲਾਤਾਂ ਨਾਲ ਜੂਝਣਾ ਅਤੇ ਲੋਕਾਂ ਵਲੋਂ ਇੰਨਾ ਸਹਿਯੋਗ ਤੇ ਮਾਣ ਦੇਣਾ ਬਹੁਤ ਖਾਸ ਗੱਲ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਦੇ ਕੁਝ ਮੈਂਬਰ ਇੱਥੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕਰ ਰਹੇ ਹਨ ਤੇ ਇਸ ਸਭ ਨੂੰ ਦੇਖ ਕੇ ਉਨ੍ਹਾਂ ਦਾ ਹੌਂਸਲਾ ਹੋਰ ਬੁਲੰਦ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਸਿੱਖ ਭਾਈਚਾਰੇ ਨੇ ਅਜਿਹੀ ਹੌਂਸਲਾ ਅਫਜ਼ਾਈ 7ਵੀਂ ਵਾਰ ਕੀਤੀ ਹੈ ਪਰ ਉੱਤਰੀ ਓਂਟਾਰੀਓ ਵਿਚ ਇਹ ਪਹਿਲੀ ਵਾਰ ਹੋ ਰਿਹਾ ਹੈ। 
ਕਲੱਬ ਦੇ ਬੁਲਾਰੇ ਜਗਦੀਪ ਸਿੰਘ ਨੇ ਕਿਹਾ ਕਿ ਜਦ ਉੱਤਰੀ ਓਂਟਾਰੀਓ ਪੂਰੀ ਤਰ੍ਹਾਂ ਕੋਰੋਨਾ ਮੁਕਤ ਹੋ ਜਾਵੇਗਾ ਤਾਂ ਉਹ ਫਰੰਟਲਾਈਨ ਕਾਮਿਆਂ ਦੇ ਕੰਮ ਨੂੰ ਸਲਾਹੁਣ ਲਈ ਹੋਰ ਵੀ ਰੈਲੀਆਂ ਆਯੋਜਿਤ ਕਰਨਗੇ। 


Lalita Mam

Content Editor

Related News