14 ਅਪ੍ਰੈਲ ਨੂੰ ਮੈਲਬੌਰਨ 'ਚ ਮਨਾਇਆ ਜਾਵੇਗਾ 'ਸਿੱਖ ਵਿਰਾਸਤ ਦਿਹਾੜਾ'

04/12/2018 2:54:56 PM

ਮੈਲਬੌਰਨ, (ਮਨਦੀਪ ਸਿੰਘ ਸੈਣੀ)— ਸਿੱਖ ਹੈਰੀਟੇਜ਼ ਸੰਸਥਾ ਆਸਟ੍ਰੇਲੀਆ ਵਲੋਂ ਸਿੱਖ ਸੱਭਿਆਚਾਰ ਦੀਆਂ ਪੁਰਾਤਨ ਰਵਾਇਤਾਂ ਨੂੰ ਅਸਲ ਤਰੀਕੇ ਨਾਲ ਪੇਸ਼ ਕੀਤਾ ਜਾਵੇਗਾ। ਪੱਛਮੀ ਮੈਲਬੌਰਨ ਦੇ ਵੈਰੀਬੀ ਇਲਾਕੇ ਵਿਚ ਸਥਿਤ ਪ੍ਰੈਜ਼ੀਡੈਂਟ ਪਾਰਕ 'ਚ 14 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਿੱਖ ਵਿਰਾਸਤ ਦਿਹਾੜਾ ਖਾਲਸਾਈ ਰੀਤੀ-ਰਿਵਾਜ਼ਾਂ ਮੁਤਾਬਕ ਮਨਾਇਆ ਜਾ ਰਿਹਾ ਹੈ।
ਪ੍ਰਬੰਧਕਾਂ ਨੇ ਇਸ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਦੱਸਿਆ ਕਿਹਾ ਕਿ ਖਾਲਸਾਈ ਚਿੰਨ ਨਗਾਰੇ ਅਤੇ ਨਰਸਿੰਘੇ ਦੀ ਗੂੰਜ 'ਚ ਪੰਜ ਪਿਆਰਿਆਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਇਸ ਦਿਨ 18ਵੀਂ ਸਦੀ ਦੇ ਸਿੰਘਾਂ ਦੇ ਜੀਵਨ ਨੂੰ ਰੂਪਮਾਨ ਕਰਦੀਆਂ ਝਾਕੀਆਂ, ਗੁਰੂ ਸਾਹਿਬਾਨ ਦੇ ਕਾਰਜ ਕਾਲ ਸਮੇਂ ਖਾਲਸਾ ਰਾਜ ਅਤੇ ਖਾਲਸਾਈ ਸਿੱਕਿਆਂ ਦੀਆਂ ਪ੍ਰਦਰਸ਼ਨੀਆਂ ਖਾਸ ਖਿੱਚ ਦਾ ਕੇਂਦਰ ਹੋਣਗੀਆਂ। ਸਿੱਖੀ ਸ਼ਾਨ ਦੇ ਪ੍ਰਤੀਕ ਦਸਤਾਰ ੁਮੁਕਾਬਲੇ ਅਤੇ ਗੁਰਮੁੱਖੀ ਲੇਖਣੀ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ।
ਇਸ ਮੌਕੇ ਪ੍ਰਸਿੱਧ ਕਵੀਸ਼ਰ ਅਤੇ ਸਿੱਖ ਬੁਲਾਰੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ। ਇਸ ਤੋਂ ਇਲਾਵਾ ਸਿੱਖ ਇਤਿਹਾਸ ਨੂੰ ਰੂਪਮਾਨ ਕਰਦੀਆਂ ਸ਼ਸਤਰ ਪ੍ਰਦਰਸ਼ਨੀਆਂ, ਗੁਰੂ ਦੀਆਂ ਲਾਡਲੀਆਂ ਫੌਜਾਂ ਵਲੋਂ ਖਾਲਸਾਈ ਸ਼ਾਨ ਦਾ ਪ੍ਰਤੀਕ ਗਤਕਾ ਅਤੇ ਘੋੜ ਸਵਾਰੀ ਦੇ ਜੌਹਰ ਵਿਖਾਏ ਜਾਣਗੇ।
ਕੈਨੇਡਾ ਦੇ ਮਸ਼ਹੂਰ ਚਿੱਤਰਕਾਰ ਪਰਮ ਸਿੰਘ ਅਤੇ ਡੇਨੀਅਲ ਕੌਨਲ ਆਪਣੀਆਂ ਕਲਾਕ੍ਰਿਤੀਆਂ ਨਾਲ ਵਿਸ਼ੇਸ਼ ਸਾਂਝ ਪਾਉਣਗੇ। ਬੱਚਿਆਂ ਦੇ ਮਨੋਰੰਜਨ ਲਈ ਵਿਸ਼ੇਸ਼ ਖੇਡਾਂ ਅਤੇ ਹੋਰ ਦਿਲਚਸਪ ਵੰਨਗੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ ਅਤੇ ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਇਸ ਵਿਲੱਖਣ ਵਿਸਾਖੀ ਦਿਹਾੜੇ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।


Related News