ਸਿੱਖ ਭਾਈਚਾਰੇ ਨੇ ਕੋਵਿਡ-19 ਦੌਰਾਨ ਕੀਤੀ ਸੇਵਾ, ਆਸਟ੍ਰੇਲੀਆਈ ਸੈਨੇਟਰ ਨੇ ਕੀਤੀ ਸ਼ਲਾਘਾ
Sunday, Jun 07, 2020 - 08:07 AM (IST)
ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)- ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਭਾਈਚਾਰੇ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਸੇਵਾਮਈ ਕਾਰਜਾਂ ਦੀ ਸ਼ਲਾਘਾ ਅਤੇ ਧੰਨਵਾਦ ਕਰਨ ਲਈ ਕੁਈਨਜ਼ਲੈਂਡ ਲਿਬਰਲ ਨੈਸ਼ਨਲ ਪਾਰਟੀ ਦੇ ਸੈਨੇਟਰ ਅਤੇ ਸਾਬਕਾ ਮਾਈਨਿੰਗ ਕਾਰਜਕਾਰੀ ਪਾਲ ਮਾਰਟਿਨ ਸਕੈਰ ਗੁਰਦੁਆਰਾ ਸਾਹਿਬ ਬ੍ਰਿਸਬੇਨ ਲੋਗਨ ਰੋਡ ਵਿਖੇ ਨਤਮਸਤਕ ਹੋਏ।
ਸੈਨੇਟਰ ਨੇ ਆਪਣੀ ਸੰਖੇਪ ਤਕਰੀਰ ‘ਚ ਕਿਹਾ ਕਿ ਸਿੱਖ ਭਾਈਚਾਰੇ ਵੱਲੋਂ ਲੋੜਵੰਦਾਂ ਦੀ ਸੇਵਾ ਅਤੇ ਦੇਸ਼ ਦੀ ਤਰੱਕੀ ਲਈ ਪਾਇਆ ਜਾ ਰਿਹਾ ਯੋਗਦਾਨ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਲੋਗਨ ਗੁਰੂਘਰ ਦੀ ਸਮੂਹ ਕਮੇਟੀ, ਸੇਵਾਦਾਰਾਂ ਅਤੇ ਸੰਗਤਾਂ ਵੱਲੋਂ ਕੋਰੋਨਾ ਵਾਇਰਸ ਦੇ ਨਾਜ਼ੁਕ ਦੌਰ ਵਿੱਚ ਲੋੜਵੰਦਾਂ ਲਈ ਸ਼ੁਰੂਆਤ ਦਿਨਾਂ ਤੋਂ ਰੋਜ਼ਾਨਾ ਦੀਆਂ ਜਰੂਰੀ ਵਸਤਾਂ, ਰਸਦ ਮੁਫਤ ਮੁਹੱਈਆ ਕਰਵਾਉਣ ਅਤੇ ਲੰਗਰ ਦੀ ਸੇਵਾ ਲਈ ਪ੍ਰਸੰਸਾ ਕੀਤੀ ਅਤੇ ਇਸ ਨੂੰ ਮਨੁੱਖਤਾ ਲਈ ਉੱਤਮ ਕਾਰਜ ਦੱਸਿਆ।
ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਲੰਬੇ ਸਮੇਂ ਤੋਂ ਆਸਟ੍ਰੇਲੀਆਈ ਅਰਥਚਾਰੇ ਤੇ ਹੋਰਨਾਂ ਭਾਈਚਾਰਿਆਂ ਨਾਲ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਖ਼ਾਸ ਤੌਰ ‘ਤੇ ਕਿਹਾ ਕਿ ਉਹ ਕੈਨਬਰਾ ਵਿਖੇ ਅਗਲੇ ਸੰਸਦੀ ਸੈਸ਼ਨ ਦੌਰਾਨ ਸਾਥੀ ਸੰਸਦ ਮੈਂਬਰਾਂ ਨੂੰ ਵੀ ਸਿੱਖ ਭਾਈਚਾਰੇ ਵੱਲੋਂ ਦੇਸ਼ ਦੀ ਲੋਕਾਈ ਲਈ ਨਿਭਾਏ ਜਾ ਰਹੇ ਵਿਲੱਖਣ ਕਾਰਜਾਂ ਦਾ ਵਿਖਿਆਨ ਕਰਨਗੇ। ਇਸ ਮੌਕੇ 'ਤੇ ਸੈਨੇਟਰ ਵਲੋਂ ਲੰਗਰ ਦੀ ਸੇਵਾ ‘ਚ ਹੱਥ ਵੀ ਵਟਾਇਆ ਗਿਆ ਅਤੇ ਗੁਰੂ ਪਿਆਰੀ ਸਾਧ-ਸੰਗਤ ਦਾ ਧੰਨਵਾਦ ਕੀਤਾ।