ਜੱਲਾਦ ਬਣੇ ਮਾਂ-ਪਿਓ, 4 ਮਹੀਨੇ ਦੇ ਬੱਚੇ ਨੂੰ ਲੂਹਿਆ ਮਾਈਕ੍ਰੋਵੇਵ ’ਚ

12/03/2017 8:05:52 PM

ਵਾਸ਼ਿੰਗਟਨ— ਨੌਜਵਾਨ ਮਾਂ-ਪਿਓ ਵਲੋਂ ਆਪਣੇ 4 ਮਹੀਨੇ ਦੇ ਬੱਚੇ ਨਾਲ ਹੈਵਾਨੀਅਤ ਕਰਨ ਦੀ ਘਟਨਾ ਸਾਹਮਣੇ ਆਈ ਹੈ। ਉਨ੍ਹਾਂ 'ਤੇ ਬੱਚੇ ਨੂੰ ਮਾਈਕ੍ਰੋਵੇਵ 'ਚ ਰੱਖ ਕੇ ਬੁਰੀ ਤਰ੍ਹਾਂ ਸਾੜਨ ਦਾ ਦੋਸ਼ ਹੈ ਤੇ ਉਨ੍ਹਾਂ ਨੂੰ ਇਸੇ ਦੋਸ਼ ਕਾਰਨ ਸਥਾਨਕ ਅਦਾਲਤ 'ਚ ਪੇਸ਼ ਕੀਤਾ ਗਿਆ ਹੈ।
ਮਾਮਲਾ ਅਮਰੀਕਾ ਦੇ ਮਿਸੁਰੀ ਦਾ ਹੈ, ਜਿਥੇ 22 ਸਾਲਾਂ ਮਾਂ-ਪਿਓ ਨੂੰ ਚਾਰ ਮਹੀਨੇ ਦੇ ਬੱਚੇ ਨੂੰ ਮਾਈਕ੍ਰੋਵੇਵ 'ਚ ਰੱਖ ਕੇ ਸਾੜਨ ਦਾ ਦੋਸ਼ੀ ਪਾਇਆ ਗਿਆ ਹੈ। ਬੱਚੇ ਨੂੰ ਹਸਪਤਾਲ ਲਿਜਾਣ ਤੋਂ ਬਾਅਦ ਪੁਲਸ ਨੂੰ ਇਸ ਬਾਰੇ ਸੂਚਨਾ ਮਿਲੀ। ਇਸ ਤੋਂ ਬਾਅਦ ਪੁਲਸ ਨੇ ਦੋਸ਼ੀ ਮਾਂ-ਪਿਓ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਬੱਚਾ ਚਾਰ ਮਹੀਨੇ ਤੋਂ ਵੀ ਘੱਟ ਦਾ ਹੈ, ਮਾਈਕ੍ਰੋਵੇਵ 'ਚ ਰੱਖਣ ਕਾਰਨ ਉਸ ਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ ਹੈ। ਉਥੇ ਡਾਕਟਰਾਂ ਨੂੰ ਵੀ ਜਾਂਚ ਦੌਰਾਨ ਪਤਾ ਲੱਗਾ ਕਿ ਬੱਚੇ ਦੇ ਸਿਰ 'ਚ ਫ੍ਰੈਕਚਰ ਹੈ ਤੇ ਦਿਮਾਗ 'ਚ ਸੱਟ ਲੱਗੀ ਹੈ। ਡਾਕਟਰਾਂ ਨੇ ਦੱਸਿਆ ਕਿ ਬੱਚੇ ਨੂੰ ਹਸਪਤਾਲ ਦਾਖਲ ਕਰਵਾਉਣ ਵੇਲੇ ਇਹ ਕਿਹਾ ਗਿਆ ਸੀ ਕਿ ਬੱਚੇ 'ਤੇ ਘਰ 'ਚ ਸਫਾਈ ਦੌਰਾਨ ਕੈਮੀਕਲ ਡਿੱਗ ਗਿਆ ਸੀ ਪਰ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਉਸ 'ਚ ਇਹ ਖੁਲਾਸਾ ਹੋਇਆ।
ਦੱਸਿਆ ਜਾ ਰਿਹਾ ਹੈ ਕਿ ਟੀਵੀ ਦੇਖਣ 'ਚ ਪਰੇਸ਼ਾਨੀ ਬਣਨ ਕਾਰਨ ਉਸ ਦੇ ਮਾਂ-ਪਿਓ ਨੇ ਬੱਚੇ ਨੂੰ ਥੋੜੀ ਦੇਰ ਲਈ ਮਾਈਕ੍ਰੋਵੇਵ 'ਚ ਰੱਖ ਦਿੱਤਾ ਤੇ ਮਾਈਕ੍ਰੋਵੇਵ ਆਨ ਕਰ ਦਿੱਤਾ, ਜਿਸ ਨਾਲ ਬੱਚਾ ਝੁਲਸ ਗਿਆ। ਸਥਾਨਕ ਅਦਾਲਤ ਨੇ ਦੋਸ਼ੀ ਪਰਿਵਾਰ ਨੂੰ 5 ਲੱਖ ਡਾਲਰ ਦੇ ਬਾਂਡ 'ਤੇ ਜ਼ਮਾਨਤ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅਪਰਾਧ ਹੈਵਾਨੀਅਤ ਭਰਿਆ ਹੈ ਪਰ ਵੱਡਾ ਨਹੀਂ, ਇਸ ਲਈ ਦੋਵਾਂ ਨੂੰ ਕੁਝ ਸਮੇਂ ਲਈ ਹੀ ਜੇਲ 'ਚ ਰਹਿਣਾ ਪਵੇਗਾ।


Related News