ਚੀਨ ਨੂੰ ਝਟਕਾ : ਆਸਟ੍ਰੇਲੀਆ ਨੇ ਕੀਤਾ ਬੀਜਿੰਗ ਓਲੰਪਿਕ ਦਾ ਬਾਈਕਾਟ, ਕੈਨੇਡਾ ਵੀ ਕਰ ਰਿਹੈ ਵਿਚਾਰ

Wednesday, Dec 08, 2021 - 10:36 AM (IST)

ਚੀਨ ਨੂੰ ਝਟਕਾ : ਆਸਟ੍ਰੇਲੀਆ ਨੇ ਕੀਤਾ ਬੀਜਿੰਗ ਓਲੰਪਿਕ ਦਾ ਬਾਈਕਾਟ, ਕੈਨੇਡਾ ਵੀ ਕਰ ਰਿਹੈ ਵਿਚਾਰ

ਸਿਡਨੀ (ਬਿਊਰੋ): ਅਮਰੀਕਾ ਤੋਂ ਬਾਅਦ ਆਸਟ੍ਰੇਲੀਆ ਨੇ ਵੀ ਬੀਜਿੰਗ ਓਲੰਪਿਕ ਦਾ ਡਿਪਲੋਮੈਟਿਕ ਬਾਈਕਾਟ ਕਰਨ ਦਾ ਫ਼ੈਸਲਾ ਕਰਕੇ ਚੀਨ ਨੂੰ ਵੱਡਾ ਝਟਕਾ ਦਿੱਤਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਬੀਜਿੰਗ ਓਲੰਪਿਕ ਦੇ ਡਿਪਲੋਮੈਟਿਕ ਬਾਈਕਾਟ ਦੀ ਗੱਲ ਕਹੀ ਹੈ। ਕੈਨੇਡਾ ਇਸ ਮਾਮਲੇ 'ਤੇ ਸਹਿਯੋਗੀਆਂ ਨਾਲ ਸਲਾਹ-ਮਸ਼ਵਰਾ ਕਰ ਰਿਹਾ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਚੀਨ ਦੇ ਕਮਜ਼ੋਰ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਕਾਰਨ 2022 ਦੀਆਂ ਸਰਦ ਰੁੱਤ ਓਲੰਪਿਕ ਖੇਡਾਂ ਦੇ ਡਿਪਲੋਮੈਟਿਕ ਬਾਈਕਾਟ ਦਾ ਐਲਾਨ ਕੀਤਾ ਸੀ।

ਅਮਰੀਕਾ ਦੇ ਇਸ ਕਦਮ ਨੂੰ ਚੀਨ ਲਈ ਸਖ਼ਤ ਸੰਦੇਸ਼ ਮੰਨਿਆ ਜਾ ਰਿਹਾ ਹੈ। ਹਾਲਾਂਕਿ ਅਮਰੀਕਾ ਦੇ ਇਸ ਫ਼ੈਸਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਆਨ ਨੇ ਕਿਹਾ ਕਿ ਖੇਡਾਂ ਦੇ ਬਾਈਕਾਟ ਦਾ ਅਮਰੀਕਾ ਦਾ ਫ਼ੈਸਲਾ ਓਲੰਪਿਕ ਭਾਵਨਾ ਦੀ ਉਲੰਘਣਾ ਹੈ।ਅਮਰੀਕਾ ਨੇ ਇਹ ਐਲਾਨ ਅਜਿਹੇ ਸਮੇਂ ਕੀਤਾ ਹੈ ਜਦੋਂ ਚੀਨ ਨੇ ਅਜਿਹੇ ਡਿਪਲੋਮੈਟਿਕ ਬਾਈਕਾਟ ਦੇ ਖ਼ਿਲਾਫ਼ 'ਜਵਾਬੀ ਕਾਰਵਾਈ' ਕਰਨ ਦਾ ਸੰਕਲਪ ਲਿਆ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਅਮਰੀਕੀ ਐਥਲੀਟ ਇਨ੍ਹਾਂ ਓਲੰਪਿਕ ਖੇਡਾਂ 'ਚ ਹਿੱਸਾ ਲੈਣਗੇ ਅਤੇ ਖਿਡਾਰੀਆਂ ਨੂੰ ਸਾਡਾ ਪੂਰਾ ਸਮਰਥਨ ਮਿਲੇਗਾ ਪਰ ਅਸੀਂ ਖੇਡਾਂ ਨਾਲ ਜੁੜੇ ਵੱਖ-ਵੱਖ ਮੁਕਾਬਲਿਆਂ ਦਾ ਹਿੱਸਾ ਨਹੀਂ ਬਣਾਂਗੇ। ਵਾਸ਼ਿੰਗਟਨ ਨੇ ਕਈ ਮਹੀਨਿਆਂ ਦੀ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ।

ਵਿੰਟਰ ਓਲੰਪਿਕ ਅਗਲੇ ਸਾਲ ਫਰਵਰੀ ਵਿੱਚ ਹੋਣੇ ਹਨ। ਸਾਕੀ ਨੇ ਕਿਹਾ ਕਿ ਚੀਨ ਦੇ ਸ਼ਿਨਜਿਆਂਗ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਅੱਤਿਆਚਾਰਾਂ ਦੇ ਮੱਦੇਨਜ਼ਰ, ਅਮਰੀਕੀ ਡਿਪਲੋਮੈਟ ਖੇਡਾਂ ਨੂੰ ਇੱਕ ਆਮ ਘਟਨਾ ਵਾਂਗ ਮੰਨਣਗੇ। ਅਸੀਂ ਚੀਨ ਅਤੇ ਇਸ ਤੋਂ ਬਾਹਰ ਮਨੁੱਖੀ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਨਾ ਜਾਰੀ ਰੱਖਾਂਗੇ। ਤੁਹਾਨੂੰ ਦੱਸ ਦੇਈਏ ਕਿ ਚੀਨ 'ਤੇ ਸ਼ਿਨਜਿਆਂਗ, ਤਿੱਬਤ ਅਤੇ ਹਾਂਗਕਾਂਗ 'ਚ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਕਈ ਦੋਸ਼ ਹਨ।

ਪੜ੍ਹੋ ਇਹ ਅਹਿਮ ਖਬਰ- ਬਾਰੂਦ ਨੇ ਖੋਹ ਲਿਆ ਸੀ ਪੈਰ, ਨਵੇਂ ਕਦਮਾਂ ਨਾਲ ਤੁਰ ਕੇ ਦੁਨੀਆ ਨੂੰ ਉਮੀਦ ਦੇ ਰਿਹਾ 'ਮਾਸੂਮ' (ਵੀਡੀਓ)

ਚੀਨ ਨੇ ਫ਼ੈਸਲੇ 'ਤੇ ਜਤਾਇਆ ਇਤਰਾਜ
ਅਮਰੀਕਾ ਦੇ ਫ਼ੈਸਲੇ 'ਤੇ ਚੀਨ ਨੇ ਇਤਰਾਜ ਜਤਾਇਆ ਹੈ। ਚੀਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਵਾਸ਼ਿੰਗਟਨ ਨੇ ਫਰਵਰੀ ਦੀਆਂ ਵਿੰਟਰ ਓਲੰਪਿਕ ਖੇਡਾਂ ਦਾ ਕੂਟਨੀਤਕ ਬਾਈਕਾਟ ਕੀਤਾ ਤਾਂ ਬੀਜਿੰਗ ਜਵਾਬੀ ਕਾਰਵਾਈ ਕਰੇਗਾ। ਅਮਰੀਕਾ 'ਚ ਚੀਨੀ ਦੂਤਾਵਾਸ ਦੇ ਬੁਲਾਰੇ ਲਿਊ ਪੇਂਗਯੂ ਨੇ ਕਿਹਾ ਕਿ ਜੇਕਰ ਅਮਰੀਕਾ ਨੇ ਅਜਿਹਾ ਕੀਤਾ ਤਾਂ ਇਹ ਸਿਆਸੀ ਤੌਰ 'ਤੇ ਭੜਕਾਊ ਕਾਰਵਾਈ ਹੋਵੇਗੀ। ਚੀਨ ਨੇ ਕਿਹਾ, ਇਹ ਕਦਮ ਦਿਖਾਵਾ ਕਰਨ ਵਾਲਾ ਅਤੇ ਓਲੰਪਿਕ ਚਾਰਟਰ ਦੀ ਭਾਵਨਾ ਦੀ ਉਲੰਘਣਾ ਹੈ। ਪੇਂਗਯੂ ਨੇ ਬਾਈਡੇਨ ਪ੍ਰਸ਼ਾਸਨ ਦੇ ਫੈ਼ਸਲੇ ਨੂੰ ਰਾਜਨੀਤਕ ਹੇਰਾਫੇਰੀ ਦੱਸਿਆ ਅਤੇ ਕਿਹਾ ਕਿ ਇਸ ਨਾਲ ਸਮਾਗਮ ਦੀ ਸਫਲਤਾ 'ਤੇ ਕੋਈ ਅਸਰ ਨਹੀਂ ਪਵੇਗਾ।

ਕੈਨੇਡਾ ਵੀ ਬਾਈਕਾਟ ਕਰਨ 'ਤੇ ਕਰ ਰਿਹੈ ਵਿਚਾਰ
ਬੀਜਿੰਗ ਵਿਚ 2022 ਸਰਦ ਰੁੱਤ ਦੀਆਂ ਓਲੰਪਿਕ ਖੇਡਾਂ ਦੇ ਡਿਪਲੋਮੈਟਿਕ ਬਾਈਕਾਟ ਬਾਰੇ ਅਮਰੀਕਾ ਦੇ ਫ਼ੈਸਲੇ ਤੋਂ ਕੈਨੇਡਾ ਜਾਣੂ ਹੈ ਅਤੇ ਇਸ ਮਾਮਲੇ 'ਤੇ ਸਹਿਯੋਗੀਆਂ ਨਾਲ ਸਲਾਹ-ਮਸ਼ਵਰਾ ਕਰ ਰਿਹਾ ਹੈ। ਗਲੋਬਲ ਅਫੇਅਰਜ਼ ਕੈਨੇਡਾ ਦੇ ਬੁਲਾਰੇ ਕ੍ਰਿਸਟਲ ਚਾਰਟੈਂਡ ਨੇ ਕਿਹਾ ਕਿ ਚੀਨ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਪਰੇਸ਼ਾਨ ਕਰਨ ਵਾਲੀਆਂ ਰਿਪੋਰਟਾਂ ਤੋਂ ਕੈਨੇਡਾ ਵੀ ਬਹੁਤ ਦੁਖੀ ਹੈ। ਇਟਲੀ ਨੇ ਕਿਹਾ ਹੈ ਕਿ ਉਹ ਇਸ ਸਮੇਂ ਬੀਜਿੰਗ 2022 ਵਿੰਟਰ ਓਲੰਪਿਕ ਦੇ ਅਮਰੀਕੀ ਕੂਟਨੀਤਕ ਬਾਈਕਾਟ ਵਿੱਚ ਸ਼ਾਮਲ ਹੋਣ ਦੀ ਯੋਜਨਾ ਨਹੀਂ ਬਣਾ ਰਿਹਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News