ਯੂਕ੍ਰੇਨ ’ਚ ਪ੍ਰਮਾਣੂ ਪਲਾਂਟ ਦੇ ਨਜ਼ਦੀਕੀ ਸ਼ਹਿਰਾਂ ’ਤੇ ਗੋਲਾਬਾਰੀ

Sunday, Aug 28, 2022 - 06:32 PM (IST)

ਯੂਕ੍ਰੇਨ ’ਚ ਪ੍ਰਮਾਣੂ ਪਲਾਂਟ ਦੇ ਨਜ਼ਦੀਕੀ ਸ਼ਹਿਰਾਂ ’ਤੇ ਗੋਲਾਬਾਰੀ

ਕੀਵ (ਏ. ਪੀ.) : ਯੂਕ੍ਰੇਨ ’ਚ ਯੂਰਪ ਦੇ ਸਭ ਤੋਂ ਵੱਡੇ ਪ੍ਰਮਾਣੂ ਪਲਾਂਟ ਤੋਂ ਰੂਸੀ ਰਾਕੇਟ ਅਤੇ ਤੋਪਖਾਨੇ ਨੇ ਡਨੀਪੇ ਨਦੀ ਦੇ ਪਾਰਲੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਯੂਕ੍ਰੇਨ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਅਤੇ ਖ਼ਦਸ਼ਾ ਪ੍ਰਗਟ ਕੀਤਾ ਕਿ ਨੇੜੇ-ਤੇੜੇ ਲਗਾਤਾਰ ਲੜਾਈ ਜਾਰੀ ਰਹਿਣ ਨਾਲ ਇਸ ਪਲਾਂਟ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਰੇਡੀਏਸ਼ਨ ਲੀਕ ਹੋ ਸਕਦੀ ਹੈ। ਯੂਕ੍ਰੇਨ ਨਾਲ ਜੰਗ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਰੂਸੀ ਫ਼ੌਜਾਂ ਨੇ ਜ਼ਪੋਰਿਜ਼ੀਆ ਪ੍ਰਮਾਣੂ ਪਲਾਂਟ ਅਤੇ ਡਨੀਪੇ ਨਦੀ ਦੇ ਖੱਬੇ ਤੱਟ ’ਤੇ ਨੇੜਲੇ ਖੇਤਰ ’ਤੇ ਕਬਜ਼ਾ ਕਰ ਲਿਆ ਸੀ। ਨਿਕੋਪੋਲ ਤੇ ਮਾਰਹਨੇਟ ਸ਼ਹਿਰਾਂ ਸਮੇਤ ਹਿਸ ਨਦੀ ਦੇ ਸੱਜੇ ਤੱਟ ’ਤੇ ਯੂਕ੍ਰੇਨ ਦਾ ਕੰਟਰੋਲ ਹੈ।

ਇਹ ਦੋਵੇਂ ਸ਼ਹਿਰ ਪਲਾਂਟ ਤੋਂ ਤਕਰੀਬਨ 10 ਕਿਲੋਮੀਟਰ ਦੀ ਦੂਰੀ ’ਤੇ ਹਨ। ਨਿਪ੍ਰੋਪੇਤ੍ਰੋਵਸਕ ਖੇਤਰ ਦੇ ਗਵਰਨਰ ਵਲਾਂਤੀਨ ਰੇਜ਼ਨੀਚੇਂਕੋ ਨੇ ਕਿਹਾ ਕਿ ਰਾਤ ਨੂੰ ਭਾਰੀ ਗੋਲਾਬਾਰੀ ਤੋਂ ਬਾਅਦ ਨਿਕੋਪੋਲ ਦੇ ਕਈ ਹਿੱਸਿਆਂ ’ਚ ਬਿਜਲੀ ਸਪਲਾਈ ਰੁਕ ਗਈ। ਮਾਰਹਾਨੇਟ ’ਚ ਤਕਰੀਬਨ ਇਕ ਦਰਜਨ ਘਰ ਰਾਕੇਟ ਹਮਲਿਆਂ ਨਾਲ ਨੁਕਸਾਨੇ ਗਏ। ਇਹ ਜਾਣਕਾਰੀ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਮੁਖੀ ਵੇਵਹੇਨ ਯੇਵਤੁਸ਼ੇਂਕੋ ਨੇ ਦਿੱਤੀ। ਇਸ ਸ਼ਹਿਰ ’ਚ ਤਕਰੀਬਨ 45000 ਦੀ ਆਬਾਦੀ ਹੈ। ਜ਼ਪੋਰਿਜ਼ੀਆ ਸ਼ਹਿਰ ’ਚ ਵੀ ਰਾਤ ਸਮੇਂ ਹਮਲਾ ਹੋਇਆ ਅਤੇ ਦੋ ਲੋਕ ਜ਼ਖ਼ਮੀ ਹੋ ਗਏ। ਨਗਰ ਕੌਂਸਲ ਦੇ ਮੈਂਬਰ ਐਨੋਟੋਲੀਏ ਕੁਰਤੇਵ ਨੇ ਇਹ ਜਾਣਕਾਰੀ ਦਿੱਤੀ। ਇਹ ਸ਼ਹਿਰ ਪ੍ਰਮਾਣੂ ਪਲਾਂਟ ਤੋਂ ਤਕਰੀਬਨ 40 ਕਿਲੋਮੀਟਰ ਦੂਰ ਹੈ।


author

Manoj

Content Editor

Related News