ਬ੍ਰਿਸਬੇਨ ਪ੍ਰੈੱਸ ਕਲੱਬ ਵਲੋਂ ਮਿਆਰੀ ਗਾਇਕੀ ਲਈ ਰਵਿੰਦਰ ਗਰੇਵਾਲ ਦਾ ਸਨਮਾਨ

03/12/2018 5:07:34 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਬ੍ਰਿਸਬੇਨ ਦੇ ਸਥਾਨਕ ਪੰਜਾਬੀ ਭਾਈਚਾਰੇ ਦੇ ਭਰਪੂਰ ਸਹਿਯੋਗ ਦੇ ਨਾਲ ਅਮੈਰੀਕਨ ਕਾਲਜ, ਔਜ਼ੀਜ ਗਰੁੱਪ ਅਤੇ ਮੇਲੇ ਦੇ ਮੁੱਖ ਪ੍ਰਬੰਧਕ ਮਨਮੋਹਨ ਸਿੰਘ, ਬਲਕਾਰ, ਹੈਰੀ, ਸਨਲ, ਹੈਪੀ, ਹਰਪਾਲ ਤੇ ਪ੍ਰਵੀਨ ਵਲੋਂ ਸਾਂਝੇ ਤੌਰ ਤੇ 'ਮੇਲਾ ਮੇਲੀਆਂ ਦਾ' ਐਸਪਲੀ ਸਟੇਟ ਸਕੂਲ ਵਿਖੇ ਬੜੇ ਹੀ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ।ਇਸ ਮੇਲੇ ਦੀ ਸ਼ੁਰੂਆਤ ਵਿਚ ਸਥਾਨਕ ਗਾਇਕ ਨੀਰਜ ਪੋਪਲੀ, ਮਨਦੀਪ ਸੈਣੀ, ਗਗਨ ਸਮਰਾ, ਵਿਕਰਮਜੀਤ ਸਿੰਘ, ਅਤਿੰਦਰ ਵੜੈਚ ਤੇ ਰਾਜਦੀਪ ਲਾਲੀ ਆਦਿ ਨੇ ਆਪਣੇ-ਆਪਣੇ ਗੀਤਾਂ ਨਾਲ ਭਰਵੀ ਹਾਜ਼ਰੀ ਲਗਵਾਈ।ਗਾਇਕਾ ਹਰਸੀਰਤ ਕੌਰ ਨੇ ਆਪਣੇ ਗੀਤਾਂ ਨਾਲ ਸੰਗੀਤਮਈ ਮਾਹੌਲ ਗਰਮਾ ਦਿੱਤਾ।ਪ੍ਰਸਿੱਧ ਨੌਜਵਾਨ ਗਾਇਕ ਜਾਰਡਨ ਸੰਧੂ ਨੇ ਵਾਰ 'ਬਾਬਾ ਬੰਦਾ ਸਿੰਘ ਬਹਾਦਰ', 'ਮਿੱਤਰਾਂ ਨੇ ਮੁੱਛ ਰੱਖੀ', 'ਸਰਦਾਰ ਬੰਦੇ', ਆਦਿ ਪ੍ਰਸਿੱਧ ਗੀਤਾਂ ਨਾਲ ਸੰਗੀਤਮਈ ਸ਼ਾਮ 'ਚ ਜੋਸ਼ ਭਰ ਸਰੋਤਿਆਂ ਤੋ ਖੂਬ ਵਾਹ-ਵਾਹ ਖੱਟੀ।
ਮੇਲੇ ਦੇ ਸਿਖਰ 'ਚ ਪੰਜਾਬੀਆਂ ਦੇ ਮਾਣਮੱਤੇ ਪ੍ਰਸਿੱਧ ਲੋਕ ਗਾਇਕ ਤੇ ਅਦਾਕਾਰ ਰਵਿੰਦਰ ਗਰੇਵਾਲ ਨੇ ਜਦੋਂ ਮੰਚ 'ਤੇ ਦਸਤਕ ਦਿੱਤੀ ਤਾਂ ਸਾਰਾ ਪੰਡਾਲ ਤਾੜੀਆਂ ਦੀ ਗੜ-ਗੜਾਹਟ ਨਾਲ ਗੂੰਜ ਉੱਠਿਆ, ਉਨ੍ਹਾਂ ਆਪਣੇ ਗੀਤ 'ਐਵਂੇ ਰੌਲਾ ਪੈ ਗਿਆ', 'ਸਾਡੇ ਕਿਹੜਾ ਚੱਲਦੇ ਟਰੱਕ ਬਿੱਲੋ ਰਾਣੀਏ', 'ਸ਼ਹੀਦ ਊਧਮ ਸਿੰਘ ਦੀ ਵਾਰ' ਨਾਲ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਜਲ੍ਹਿਆਂ ਵਾਲੇ ਬਾਗ ਦੇ ਦੁਖਾਂਤਕ ਸਾਕੇ ਦਾ ਦ੍ਰਿਸ਼ ਪੇਸ਼ ਕਰ ਸਰੋਤਿਆਂ ਨੂੰ  ਭਾਵੁਕ ਕਰ ਦਿੱਤਾ ।ਉਪਰੰਤ ਇਕ ਤੋ ਵੱਧ ਇਕ ਪ੍ਰਸਿੱਧ ਗੀਤ ਜਿਨ੍ਹਾਂ 'ਚ 'ਟੇਢੀ ਪੱਗ ਵਾਲਿਆ', 'ਪਰੀ ਲਗਦੀ', ਆਦਿ ਅਨੇਕਾਂ ਪ੍ਰਸਿੱਧ ਗੀਤਾਂ ਨਾਲ ਜ਼ਿੰਦਗੀ ਦੀਆਂ ਅਸਲ ਸੱਚਾਈਆਂ ਨੂੰ ਬਿਆਨ ਕਰਦਿਆਂ ਮਨੁੱਖੀ ਰਿਸ਼ਤਿਆਂ ਦੀ ਨੋਕ-ਝੋਕ ਤੇ ਮਿੱਠੇ-ਪਿਆਰੇ ਨਿੱਘੇ ਅਹਿਸਾਸ ਤੇ ਪੰਜਾਬੀਅਤ ਦਾ ਸੁਨੇਹਾ ਦਿੰਦਿਆ ਪੰਜਾਬ ਨੂੰ ਚੇਤਿਆਂ ਵਿਚ ਵਸਾ ਸਰੋਤਿਆਂ ਨੂੰ ਦੇਰ ਰਾਤ ਤੱਕ ਨਚਾ ਕੇ ਇਸ ਮੇਲੇ ਨੂੰ ਸਿਖਰਾਂ ਤੱਕ ਪਹੁੰਚਾ ਆਪਣੀ ਦਮਦਾਰ ਗਾਇਕੀ ਦਾਲੋਹਾ ਮੰਨਵਾਇਆ।
ਪਿਛਲੇ ਦੋ ਦਹਾਕਿਆਂ ਤੋਂ ਸਾਫ-ਸੁਥਰੀ ਤੇ ਮਿਆਰੀ ਗਾਇਕੀ ਤੇ ਹੁਣ ਤੱਕ ਦੀਆਂ ਪ੍ਰਾਪਤੀਆਂ ਲਈ ਪ੍ਰਸਿੱਧ ਗਾਇਕ ਰਵਿੰਦਰ ਗਰੇਵਾਲ ਨੂੰ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਵਲੋਂ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਰਵਿੰਦਰ ਗਰੇਵਾਲ ਨੇ ਇਸ ਮੌਕੇ ਕਿਹਾ ਕਿ ਉਹ ਆਪਣੇ ਉਸਾਰੂ ਗੀਤਾਂ ਤੇ ਫਿਲਮਾਂ ਰਾਹੀਂ ਵਿਸ਼ਵ-ਵਿਆਪੀ ਮਾਂ-ਬੋਲੀ ਪੰਜਾਬੀ ਤੇ ਸੱਭਿਆਚਾਰ ਦੇ ਪਸਾਰ ਤੇ ਉਸ ਨੂੰ ਪ੍ਰਫੁਲਿਤ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ।ਇਹ ਮੇਲਾ ਵਿਰਸੇ ਦੀ ਬਾਤ ਪਾਉਂਦਾ ਹੋਇਆ ਅਮਿੱਟ ਪੈੜਾਂ ਛੱਡ ਗਿਆ।ਨੀਰਜ ਪੋਪਲੀ, ਜਸਕਿਰਨ ਕੌਰ ਤੇ ਜਸਪ੍ਰੀਤ ਕੌਰ ਵਲੋਂ ਮੰਚ ਦਾ ਸੰਚਾਲਨ ਸ਼ੇਅਰੋ-ਸ਼ਾਇਰੀ ਨਾਲ ਬਾਖੂਬੀ ਕੀਤਾ ਗਿਆ। ਪ੍ਰਬੰਧਕਾਂ ਵਲਂੋ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ ਭੇਟ ਕਰਦਿਆਂ ਸਰੋਤਿਆਂ ਦਾ ਪਰਿਵਾਰ ਸਮੇਤ ਆਉਣ ਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ।


Related News