ਬਜ਼ੁਰਗਾਂ ਲਈ ਵੀ ਸਰੀਰਕ ਸਬੰਧ ਬਣਾਉਣਾ ਫਾਇਦੇਮੰਦ
Friday, Dec 14, 2018 - 04:42 PM (IST)

ਲੰਡਨ— ਬਜ਼ੁਰਗ ਪੁਰਸ਼ਾਂ ਲਈ ਸਰੀਰਕ ਸਬੰਧ ਬਣਾਉਣਾ ਹਰ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ। ਇਹ ਉਨ੍ਹਾਂ ਦੀ ਖੁਸ਼ੀ ਨਾਲ ਜੁੜਿਆ ਤਾਂ ਹੁੰਦਾ ਹੀ ਹੈ ਇਸ ਦੇ ਨਾਲ ਹੀ ਇਸ ਦਾ ਉਨ੍ਹਾਂ ਦੀ ਸਿਹਤ 'ਤੇ ਵੀ ਚੰਗਾ ਅਸਰ ਪੈਂਦਾ ਹੈ। ਇਹ ਗੱਲ ਜਨਰਵਲ ਆਫ ਸੈਕਸੁਅਲ ਮੈਡੀਸੀਨ 'ਚ ਪ੍ਰਕਾਸ਼ਿਤ ਇਕ ਸੋਧ ਲੇਖ 'ਚ ਕਹੀ ਗਈ ਹੈ।
ਇਸ ਅਧਿਐਨ 'ਚ ਕਿਹਾ ਗਿਆ ਹੈ ਕਿ ਔਰਤਾਂ ਜਿਥੇ 'ਕਿਸ' ਆਦਿ ਕਿਰਿਆਵਾਂ ਨਾਲ ਹੀ ਭਾਵਨਾਤਮਕ ਆਨੰਦ ਹਾਸਲ ਕਰ ਲੈਂਦੀਆਂ ਹਨ, ਉਥੇ ਹੀ ਪੁਰਸ਼ਾਂ ਲਈ ਸਰੀਰਕ ਸਬੰਧ ਜ਼ਿਆਦਾ ਮਾਇਨੇ ਰੱਖਦੇ ਹਨ। ਯੂਨੀਵਰਸਿਟੀ ਕਾਲਜ ਆਫ ਲੰਡਨ ਦੀ ਸੀਨੀਅਰ ਖੋਜਕਾਰ ਸਰਾਹ ਜੈਕਸਨ ਦਾ ਕਹਿਣਾ ਹੈ ਕਿ ਬਜ਼ੁਰਗ ਲੋਕਾਂ ਨੂੰ ਸਰੀਰਕ ਸਬੰਧ ਬਣਾਉਣ ਨਾਲ ਕਈ ਤਰ੍ਹਾਂ ਦਾ ਫਾਇਦੇ ਹੁੰਦੇ ਹਨ ਤੇ ਇਹ ਉਨ੍ਹਾਂ ਦੀ ਸਿਹਤ ਲਈ ਵੀ ਚੰਗਾ ਹੁੰਦਾ ਹੈ। ਇਹ ਅਧਿਐਨ 6,979 ਪੁਰਸ਼ਾਂ ਤੇ ਔਰਤਾਂ 'ਤੇ ਕੀਤਾ ਗਿਆ, ਜਿਨ੍ਹਾਂ ਦੀ ਔਸਤ ਉਮਰ 65 ਸਾਲ ਸੀ।
ਅਧਿਐਨ ਤੋਂ ਪਤਾ ਲੱਗਿਆ ਕਿ ਪਿਛਲੇ ਇਕ ਸਾਲ ਦੌਰਾਨ ਜੋ ਪੁਰਸ਼ ਤੇ ਔਰਤਾਂ ਕਿਸੇ ਵੀ ਤਰ੍ਹਾਂ ਦੀ ਯੌਨ ਗਤੀਵਿਧੀ 'ਚ ਸਰਗਰਮ ਰਹੇ, ਉਨ੍ਹਾਂ 'ਚ ਖੁਸ਼ੀ ਦਾ ਪੱਧਰ ਉਨ੍ਹਾਂ ਲੋਕਾਂ ਦੇ ਮੁਕਾਬਲੇ ਜ਼ਿਆਦਾ ਪਾਇਆ ਗਿਆ, ਜੋ ਸੈਕਸ ਦੇ ਮਾਮਲੇ 'ਚ ਸਰਗਰਮ ਨਹੀਂ ਸਨ।