ਨਾਈਜੀਰੀਆ ''ਚ ਨਮਾਜ਼ ਦੌਰਾਨ ਡਿੱਗਾ ਮਸਜਿਦ ਦਾ ਇਕ ਹਿੱਸਾ, 7 ਲੋਕਾਂ ਦੀ ਮੌਤ
Saturday, Aug 12, 2023 - 03:24 PM (IST)

ਅਬੂਜਾ (ਭਾਸ਼ਾ) : ਨਾਈਜੀਰੀਆ ਦੇ ਕਦੂਨਾ ਸੂਬੇ ਦੇ ਜ਼ਾਰੀਆ ਸ਼ਹਿਰ ‘ਚ ਜੁਮੇ ਦੀ ਨਮਾਜ਼ ਦੌਰਾਨ ਮਸਜਿਦ ਦਾ ਇਕ ਹਿੱਸਾ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਉੱਤਰ-ਪੱਛਮੀ ਨਾਈਜੀਰੀਆ ਦੇ ਕਦੂਨਾ ਸੂਬੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜਿਸ ਸਮੇਂ 'ਜਰੀਆ ਸੈਂਟਰਲ ਮਸਜਿਦ' ਢਹਿ ਗਈ, ਉਸ ਸਮੇਂ ਸੈਂਕੜੇ ਲੋਕ ਸ਼ੁੱਕਰਵਾਰ ਦੀ ਨਮਾਜ਼ ਲਈ ਉੱਥੇ ਇਕੱਠੇ ਹੋਏ ਸਨ।
ਸੂਬੇ ਦੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਕਿਹਾ, “ਇਸ ਘਟਨਾ ਵਿੱਚ 23 ਲੋਕ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਨੂੰ ਫਾਇਰ ਫਾਈਟਰਾਂ ਨੇ ਹਸਪਤਾਲ ਪਹੁੰਚਾਇਆ।” ਸੂਬੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਸਜਿਦ 1830 ਦੇ ਦਹਾਕੇ ਵਿੱਚ ਬਣਾਈ ਗਈ ਸੀ। ਨਮਾਜ਼ ਦੌਰਾਨ ਮਸਜਿਦ ਦਾ ਇਕ ਹਿੱਸਾ ਡਿੱਗਣ ਕਾਰਨ ਲੋਕ ਮਲਬੇ ਹੇਠ ਦੱਬੇ ਗਏ। ਕਦੂਨਾ ਦੇ ਗਵਰਨਰ ਉਬਾ ਸਾਨੀ ਨੇ ਘਟਨਾ ਦੀ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ।