ਮਰਦਮਸ਼ੁਮਾਰੀ ਵਾਲੇ ਪੇਪਰ ''ਤੇ ਸਿੱਖਾਂ ਲਈ ਬਣੇ ਵੱਖਰਾ ਖਾਨਾ : ਯੂ. ਕੇ. ਸਿੱਖ

09/10/2019 1:10:37 PM

ਲੰਡਨ— ਬ੍ਰਿਟੇਨ 'ਚ ਵੱਡੀ ਗਿਣਤੀ 'ਚ ਸਿੱਖ ਭਾਈਚਾਰਾ ਰਹਿੰਦਾ ਹੈ ਤੇ ਉਨ੍ਹਾਂ ਦੀ ਮੰਗ ਹੈ ਕਿ ਆਉਣ ਵਾਲੀ ਮਰਦਮਸ਼ੁਮਾਰੀ ਸਮੇਂ ਪੇਪਰ 'ਚ ਸਿੱਖ ਭਾਈਚਾਰੇ ਲਈ ਵੱਖਰਾ ਖਾਨਾ ਬਣਾਇਆ ਜਾਵੇ। ਇੱਥੇ ਸਾਲ 2021 'ਚ ਅਗਲੀ ਮਰਦਮਸ਼ੁਮਾਰੀ ਹੋਣੀ ਹੈ। ਸਰਕਾਰ ਤੇ ਭਾਈਚਾਰੇ 'ਚ ਇਸੇ ਮੁੱਦੇ ਨੂੰ ਲੈ ਕੇ ਬਹਿਸਬਾਜ਼ੀ ਚੱਲ ਰਹੀ ਹੈ। ਭਾਈਚਾਰੇ ਦਾ ਦੋਸ਼ ਹੈ ਕਿ ਜਾਣ-ਬੁੱਝ ਕੇ ਉਨ੍ਹਾਂ ਦੀ ਮੰਗ ਨੂੰ ਬੇਧਿਆਨਾ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਗੱਲ ਕਰਦਿਆਂ ਸਿੱਖ ਫੈਡਰੇਸ਼ਨ ਯੂ. ਕੇ. ਵਲੋਂ ਕੈਬਨਿਟ ਦਫਤਰ, ਰਾਸ਼ਟਰੀ ਅੰਕੜਾ ਦਫਤਰ ਅਤੇ ਯੂ. ਕੇ. ਸਟੇਟਿਸਟਕਸ ਅਥਾਰਟੀ ਖਿਲਾਫ ਦਿੱਤੀ ਅਰਜ਼ੀ ਨੂੰ ਸਵਿਕਾਰ ਕਰ ਲਿਆ ਗਿਆ ਹੈ। ਭਾਈਚਾਰੇ ਨੂੰ ਦੱਸਿਆ ਗਿਆ ਹੈ ਕਿ ਨਵੰਬਰ ਮਹੀਨੇ ਡੇਢ ਦਿਨ ਲਈ ਇਸ 'ਤੇ ਸੁਣਵਾਈ ਕੀਤੀ ਜਾਵੇਗੀ। ਇਸ ਸਬੰਧੀ ਸੰਸਦ 'ਚ ਵੀ ਖਰੜਾ ਪੇਸ਼ ਕੀਤਾ ਜਾਣਾ ਹੈ। ਇਸ ਦਲੀਲ ਨੂੰ ਜੱਜ ਥੌਰਨਟਨ ਨੇ ਸਵਿਕਾਰ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਪਿਛਲੇ 5 ਸਾਲਾਂ ਤੋਂ ਸਿੱਖ ਭਾਈਚਾਰੇ ਵਲੋਂ ਓ. ਐੱਨ. ਐੱਸ. ਦੇ ਸਬੰਧਤ ਮੰਤਰੀਆਂ ਅਤੇ ਮਹਿਕਮੇ ਨਾਲ ਮੀਟਿੰਗਾਂ ਕੀਤੀਆਂ ਗਈਆਂ ਸਨ ਪਰ ਜਦੋਂ ਇਸ ਸਬੰਧੀ ਵ੍ਹਾਈਟ ਪੇਪਰ ਜਾਰੀ ਹੋਇਆ ਸੀ ਤਾਂ ਇਸ 'ਚ ਸਿੱਖਾਂ ਲਈ ਕੋਈ ਵੱਖਰਾ ਖਾਨਾ ਨਹੀਂ ਸੀ। ਕਿਹਾ ਜਾ ਰਿਹਾ ਹੈ ਕਿ ਜੇਕਰ ਸਿੱਖਾਂ ਦੇ ਹੱਕ 'ਚ ਅਦਾਲਤੀ ਫੈਸਲਾ ਆਉਂਦਾ ਹੈ ਤਾਂ ਕੈਬਨਿਟ ਦਫਤਰ ਨੂੰ ਵੱਡਾ ਖਰਚਾ ਚੁਕਾਉਣਾ ਪੈ ਸਕਦਾ ਹੈ।


Related News